ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 23 ਜੂਨ
ਜ਼ਿਲ੍ਹਾ ਮੁਹਾਲੀ ਪੁਲੀਸ ਨੇ ਅੱਜ ਗੈਂਗਸਟਰ ਭੂਪੀ ਰਾਣਾ ਨੂੰ ਭਾਰੀ ਸੁਰੱਖਿਆ ਹੇਠ ਨਾਭਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕੀਤਾ। ਮੁਹਾਲੀ ਸੀਆਈਏ ਇੰਚਾਰਜ ਸ਼ਿਵ ਕੁਮਾਰ ਦੀ ਅਗਵਾਈ ਹੇਠ ਅੱਜ ਅਦਾਲਤ ਅਤੇ ਤਹਿਸੀਲ ਸੜਕ ‘ਤੇ ਥਾਂ-ਥਾਂ ‘ਤੇ ਪੁਲੀਸ ਤਾਇਨਾਤ ਸੀ। ਗੈਂਗਸਟਰ ਦਾ ਨਾਂ ਲੈ ਕੇ ਲੰਘੇ ਦਿਨੀਂ ਕੁਝ ਵਿਅਕਤੀਆਂ ਵੱਲੋਂ ਜਾਅਲੀ ਪਛਾਣ ਪੱਤਰਾਂ ਦੇ ਆਧਾਰ ‘ਤੇ ਮੋਬਾਈਲ ਸਿਮ ਹਾਸਲ ਕੀਤੇ ਗਏ ਸਨ। ਇਸ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਨੂੰ ਅੱਜ ਪੁਲੀਸ ਰਿਮਾਂਡ ‘ਤੇ ਲਿਆ ਹੈ।
ਗੈਂਗਸਟਰ ਨੂੰ ਜ਼ੀਰਕਪੁਰ ਵਿੱਚ ਲੰਘੀ 8 ਜੂਨ ਨੂੰ ਦਰਜ ਕੇਸ ਨੰਬਰ 159 ਦੇ ਸਬੰਧ ਵਿੱਚ ਹੋਰ ਪੁੱਛ-ਪੜਤਾਲ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। ਇਸ ਮਾਮਲੇ ਵਿੱਚ ਕਈ ਵਿਅਕਤੀਆਂ ਨੇ ਜਾਅਲੀ ਫਾਇਨਾਂਸ ਕੰਪਨੀ ਖੋਲ੍ਹੀ ਹੋਈ ਸੀ। ਮੁਲਜ਼ਮਾਂ ਵੱਲੋਂ ਲੋਕਾਂ ਨੂੰ ਕਰਜ਼ ਦਿਵਾਉਣ ਦੇ ਨਾਂ ਹੇਠ ਪ੍ਰੋਸੈਸਿੰਗ ਫੀਸ ਵਜੋਂ ਮੋਟੀ ਰਕਮ ਦੀ ਠੱਗੀ ਕੀਤੀ ਜਾ ਰਹੀ ਸੀ। ਇਸ ਸਬੰਧੀ ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਸੀ। ਪੁੱਛ-ਪੜਤਾਲ ਵਿੱਚ ਸਾਹਮਣੇ ਆਇਆ ਕਿ ਅਜੈ ਕੁਮਾਰ ਨੇ ਲੰਘੇ ਛੇ ਮਹੀਨੇ ਤੋਂ ਮੁਲਜ਼ਮਾਂ ਨੂੰ ਕਰੀਬ 20 ਤੋਂ 25 ਸਿਮ ਬਿਨਾਂ ਵੈਰੀਫਿਕੇਸ਼ਨ ਤੋਂ ਦਿੱਤੇ ਸੀ। ਇਸ ਮਾਮਲੇ ਵਿੱਚ 4 ਅਣਪਛਾਤੇ ਵਿਅਕਤੀ ਉਸ ਤੋਂ ਗੈਂਗਸਟਰ ਭੂਪੀ ਰਾਣਾ ਦਾ ਨਾਂ ਲੈ ਕੇ ਗ਼ਲਤ ਪਛਾਣ ਪੱਤਰਾਂ ਦੇ ਆਧਾਰ ‘ਤੇ 10 ਸਿਮ ਲੈ ਗਏ। ਇਸ ਕੇਸ ਲਈ ਪੁਲੀਸ ਵੱਲੋਂ ਅੱਜ ਗੈਂਗਸਟਰ ਦਾ ਦਸ ਦਿਨ ਲਈ ਪੁਲੀਸ ਰਿਮਾਂਡ ਮੰਗਿਆ ਗਿਆ ਪਰ ਅਦਾਲਤ ਨੇ ਮੁਲਜ਼ਮ ਦਾ ਛੇ ਦਿਨਾਂ ਦਾ ਪੁਲੀਸ ਰਿਮਾਂਡ ਦਿੱਤਾ।