ਜੋਗਿੰਦਰ ਸਿੰਘ ਮਾਨ
ਮਾਨਸਾ, 23 ਜੂਨ
ਇਨਕਲਾਬੀ ਆਗੂ ਅਤੇ ਸੀਪੀਆਈ (ਐੱਮ.ਐੱਲ) ਲਿਬਰੇਸ਼ਨ ਦੀ ਲੀਡਰ ਕਾਮਰੇਡ ਜੀਤਾ ਕੌਰ ਦੀ 16ਵੀਂ ਬਰਸੀ ਅੱਜ ਇਥੇ ਸੀਪੀਆਈ (ਐੱਮ.ਐੱਲ) ਲਿਬਰੇਸ਼ਨ ਤੇ ਪ੍ਰਗਤੀਸ਼ੀਲ ਇਸਤਰੀ ਸਭਾ ਵਲੋਂ ਚੇਤਨਾ ਕਨਵੈਨਸ਼ਨ ਦੇ ਰੂਪ ਵਿਚ ਮਨਾਈ ਗਈ। ਇਸ ਮੌਕੇ ਸਮਾਜਿਕ, ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਬਰਾਬਰੀ ਲਈ ਔਰਤਾਂ ਨੂੰ ਸੰਗਠਤ ਕਰਨ ਅਤੇ ‘ਨਸ਼ੇ ਨਹੀਂ-ਰੁਜ਼ਗਾਰ ਦਿਓ’ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕਾਮਰੇਡ ਜੀਤਾ ਕੌਰ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ 23 ਜੂਨ 2007 ਨੂੰ 48 ਸਾਲ ਦੀ ਉਮਰ ਵਿੱਚ ਸਦੀਵੀ ਵਿਛੋੜਾ ਦੇ ਗਏ ਸਨ।
ਅੱਜ ਇਥੇ ਹੋਈ ਕਨਵੈਨਸ਼ਨ ਮੌਕੇ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਜਸਬੀਰ ਕੌਰ ਨੱਤ ਨੇ ਕਿਹਾ ਕਿ ਨੇ ਕਿਹਾ ਕਿ ਕਾਮਰੇਡ ਜੀਤਾ ਕੌਰ ਨੇ ਆਪਣੇ ਜੀਵਨ ਸਫ਼ਰ ਦੌਰਾਨ ਇਸ ਪਛੜੇ ਸਮਾਜ ‘ਚ ਔਰਤਾਂ ਦੀ ਆਜ਼ਾਦੀ ਅਤੇ ਨਵੇਂ ਖੁਸ਼ਹਾਲ ਭਾਰਤ ਦੀ ਸਿਰਜਣਾ ਲਈ ਅਥੱਕ ਸੰਘਰਸ਼ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਹਾਕਮ ਕੇਂਦਰ ਪੱਧਰ ‘ਤੇ ਸਾਰੇ ਕੁਦਰਤੀ ਸੋਮੇ ਤੇ ਪੈਦਾਵਾਰੀ ਸਾਧਨ ਕਾਰਪੋਰੇਟ ਕੰਪਨੀਆਂ ਦੀ ਝੋਲੀ ਪਾ ਰਹੇ ਹਨ ਅਤੇ ਦੇਸ਼ ਵਿਚੋਂ ਲੋਕਤੰਤਰ ਦਾ ਖਾਤਮਾ ਕਰਕੇ ਫਿਰਕੂ ਫਾਸ਼ੀਵਾਦ ਨੂੰ ਪੱਕੇ ਪੈਰੀਂ ਕਰਨ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇੰਨਾਂ ਪੰਜਾਬ ਵਿਰੋਧੀ ਤੇ ਜਮਹੂਰੀਅਤ ਵਿਰੋਧੀ ਨੀਤੀਆਂ ਖਿਲਾਫ ਲੜਨ ਦੀ ਬਜਾਏ, ਬੇਤੁੱਕੇ ਅੰਡੇ ਉਛਾਲ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਨਸ਼ੇ ਦੇ ਕਾਲੇ ਕਾਰੋਬਾਰੀ ਅਤੇ ਕਬਜ਼ਾ ਮਾਫ਼ੀਆ ਖੁੱਲ੍ਹੇਆਮ ਸਰਗਰਮ ਹਨ, ਜਿਸ ਖ਼ਿਲਾਫ਼ ਵੱਡੀ ਜਨਤਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ।
ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਅੱਜ ਪੰਜਾਬ ਨੂੰ ਬੇਰੁਜ਼ਗਾਰੀ ਤੇ ਨਸ਼ਿਆਂ ਦੀ ਦਲਦਲ ਬਣਾ ਦਿੱਤਾ ਗਿਆ ਹੈ, ਜਿਸ ਵਿਰੁੱਧ ਲਿਬਰੇਸ਼ਨ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਵੱਡਾ ਹੁਲਾਰਾ ਦੇਣ ਦੀ ਲੋੜ ਹੈ।