ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਜੂਨ
ਵੱਖ-ਵੱਖ ਇਲਾਕਿਆਂ ਵਿੱਚ ਦੋ ਲੜਕੀਆਂ ਅਤੇ ਇੱਕ ਬਜ਼ੁਰਗ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਏ ਹਨ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੂੰ ਡਿੱਪੂ ਵਾਲੀ ਗਲੀ ਨਿਊ ਕੁੰਦਨਪੁਰੀ ਵਾਸੀ ਦਿਨੇਸ਼ ਕੁਮਾਰ ਗੁਪਤਾ ਨੇ ਦੱਸਿਆ ਹੈ ਕਿ ਉਸ ਦੀ ਸਭ ਤੋਂ ਛੋਟੀ ਲੜਕੀ ਵੈਸ਼ਾਲੀ ਗੁਪਤਾ (29) ਘਰੋਂ ਸਵੇਰੇ ਆਪਣੇ ਕੰਮ ‘ਤੇ ਗਈ ਸੀ ਪਰ ਸ਼ਾਮ ਨੂੰ ਘਰ ਵਾਪਿਸ ਨਹੀਂ ਆਈ। ਉਸ ਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਸ ਬਾਰੇ ਕੁੱਝ ਵੀ ਪਤਾ ਨਹੀਂ ਲੱਗਾ। ਇਸੇ ਤਰ੍ਹਾਂ ਥਾਣਾ ਟਿੱਬਾ ਦੀ ਪੁਲੀਸ ਨੂੰ ਸਟਾਰ ਸਿਟੀ ਕਲੋਨੀ ਮੇਨ ਮਾਰਕੀਟ ਵਾਸੀ ਅਸ਼ੋਕ ਸ਼ਰਮਾ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਮਨੀਸ਼ਾ (20) ਘਰੋਂ ਬਿਨਾਂ ਦੱਸੇ ਕਿਧਰੇ ਚਲੀ ਗਈ ਹੈ। ਉਸ ਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਨਹੀਂ ਮਿਲੀ। ਉਸ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਸ ਦੀ ਲੜਕੀ ਨੂੰ ਕਿਸੇ ਨਾਮਲੂਮ ਵਿਅਕਤੀ ਨੇ ਆਪਣੇ ਨਿੱਜੀ ਸੁਆਰਥ ਲਈ ਕਿਧਰੇ ਲੁਕਾ ਕੇ ਰੱਖਿਆ ਹੋਇਆ ਹੈ। ਤੀਜੇ ਮਾਮਲੇ ਵਿੱਚ ਥਾਣਾ ਦਰੇਸੀ ਦੀ ਪੁਲੀਸ ਨੂੰ ਗਲੀ ਨੰਬਰ 15 ਨਿਊ ਮਾਧੋਪੁਰੀ ਸੁੰਦਰ ਨਗਰ ਵਾਸੀ ਯੋਗੇਸ਼ ਮਹਾਜਨ ਨੇ ਦੱਸਿਆ ਹੈ ਕਿ ਉਸ ਦੇ ਪਿਤਾ ਸਤੀਸ਼ ਕੁਮਾਰ (69) ਜੋ 3-4 ਸਾਲ ਤੋਂ ਡਿਪਰੈਸ਼ਨ ਦੀ ਦਵਾਈ ਖਾਂਦੇ ਸਨ। ਉਹ ਘਰੋਂ ਬਿਨਾਂ ਪੁੱਛੇ ਕਿੱਧਰੇ ਚਲੇ ਗਏ ਹਨ। ਉਨ੍ਹਾਂ ਵੱਲੋਂ ਪਿਤਾ ਦੀ ਹੁਣ ਤੱਕ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਨਹੀਂ ਮਿਲੇ।