ਜਗਜੀਤ ਸਿੰਘ
ਮੁਕੇਰੀਆਂ, 29 ਜੂਨ
ਹਾਈਡਲ ਨਹਿਰ ਦੀ ਮੁਰੰਮਤ ‘ਤੇ ਪੌਣੇ ਤਿੰਨ ਕਰੋੜ ਖਰਚਣ ਅਤੇ ਕਥਿਤ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਬਹੁ ਕਰੋੜੀ ਆਮਦਨ ਵਾਲੀ ਇਸ ਨਹਿਰ ‘ਤੇ ਹਾਜੀਪੁਰ ਤੋਂ ਦਾਤਾਰਪੁਰ ਸੰਪਰਕ ਸੜਕ ਦੇ ਪੁਲ ਕੋਲ ਪਾੜ ਪੈਣ ਦਾ ਖ਼ਦਸ਼ਾ ਹੈ। ਇਸ ਖੋਰੇ ਵਾਲੇ ਸਥਾਨ ਦੇ ਸਾਹਮਣੇ ਨਹਿਰ ਜ਼ਮੀਨ ਤੋਂ ਉੱਪਰ ਹੈ ਅਤੇ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਪ੍ਰਾਜੈਕਟ ਦੇ ਇੱਕ ਦਿਨ ਬੰਦ ਹੋਣ ‘ਤੇ ਪੰਜ ਪਾਵਰ ਹਾਊਸਾਂ ਜ਼ਰੀਏ ਹੋ ਰਿਹਾ 225 ਮੈਗਾਵਾਟ ਬਿਜਲੀ ਉਤਪਾਦਨ ਠੱਪ ਹੋਣ ਨਾਲ ਕਰੀਬ 3 ਕਰੋੜ ਰੁਪਏ ਰੋਜ਼ਾਨਾ ਦਾ ਨੁਕਸਾਨ ਹੋ ਸਕਦਾ ਹੈ।
ਜਾਣਕਾਰੀ ਅਨੁਸਾਰ ਕਰੀਬ 37 ਕਿਲੋਮੀਟਰ ਲੰਬੀ ਮੁਕੇਰੀਆਂ ਹਾਈਡਲ ਨਹਿਰ ਰਾਹੀਂ ਰਾਜਸਥਾਨ ਨੂੰ ਛੱਡੇ ਜਾ ਰਹੇ 11500 ਕਿਊਸਿਕ ਪਾਣੀ ਤੋਂ ਨਹਿਰ ‘ਤੇ ਲੱਗੇ ਪੰਜ ਪਾਵਰ ਹਾਊਸਾਂ ਜ਼ਰੀਏ 225 ਮੈਗਾਵਾਟ ਬਿਜਲੀ ਉਤਪਾਦਨ ਹੁੰਦਾ ਹੈ। ਪਿਛਲੇ ਲੰਬੇ ਸਮੇਂ ਤੋਂ ਨਹਿਰੀ ਅਧਿਕਾਰੀਆਂ ਵਲੋਂ ਧਿਆਨ ਨਾ ਦੇਣ ਕਾਰਨ ਨਹਿਰ ਦੀ ਹਾਲਤ ਖਸਤਾ ਹੁੰਦੀ ਗਈ ਅਤੇ ਕੁਝ ਸਮਾਂ ਪਹਿਲਾਂ ਹੀ ਸਾਲ 2021 ਵਿੱਚ ਪੌਣੇ ਤਿੰਨ ਕਰੋੜ ਰੁਪਏ ਖਰਚ ਕੇ ਇਸ ਦੀ ਮੁਰੰਮਤ ਕੀਤੀ ਗਈ ਹੈ ਅਤੇ ਨਹਿਰ ਬੰਦੀ ਦੌਰਾਨ ਵੀ ਇਸ ਦੀ ਮੁਰੰਮਤ ਹੁੰਦੀ ਰਹੀ ਹੈ। ਇਸ ਦੇ ਬਾਵਜੂਦ ਦਰਜਨ ਥਾਵਾਂ ‘ਤੇ ਨਹਿਰ ਦੀਆਂ ਸਲੈਬਾਂ ਹਾਲੇ ਵੀ ਟੁੱਟੀਆਂ ਹੋਈਆਂ ਹਨ। ਹਾਜੀਪੁਰ ਤੋਂ ਦਾਤਾਰਪੁਰ ਨੂੰ ਜਾਂਦੀ ਸੰਪਰਕ ਸੜਕ ‘ਤੇ ਆਰ ਡੀ ਨੰਬਰ 12976 ਮੀਟਰ ‘ਤੇ ਬਣੇ ਪੁਲ ਦੇ ਕੋਲੋਂ ਨਹਿਰ ਨੂੰ ਖੋਰਾ ਲੱਗ ਚੁੱਕਾ ਹੈ। ਇੱਥੋਂ ਨਹਿਰ ਜ਼ਮੀਨ ਤੋਂ ਕਾਫੀ ਉੱਪਰ ਹੈ ਅਤੇ ਇੱਥੇ ਕੰਕਰੀਟ ਦੀਆਂ ਸਲੈਬਾਂ ਟੁੱਟ ਚੁੱਕੀਆਂ ਹਨ। ਨਹਿਰ ਦਾ ਮਿੱਟੀ ਵਾਲਾ ਹਿੱਸਾ ਸਾਫ ਨਜ਼ਰ ਆ ਰਿਹਾ ਹੈ ਅਤੇ ਇਸ ਨਾਲ ਵੱਗਦੇ ਤੇਜ਼ ਰਫਤਾਰ ਪਾਣੀ ਕਾਰਨ ਪਾੜ ਪੈਣ ਦਾ ਖਦਸ਼ਾ ਬਣਿਆ ਹੋਇਆ ਹੈ।
ਪੰਜਾਬ ਰਾਜ ਮੁਲਾਜ਼ਮ ਦਲ ਮੁਕੇਰੀਆਂ ਦੇ ਪ੍ਰਧਾਨ ਜਸਪਾਲ ਸਿੰਘ ਨੇ ਕਿਹਾ ਕਿ ਪੌਣੇ 3 ਕਰੋੜ ਖਰਚ਼ ਕੇ ਵੀ ਨਹਿਰ ਦੀ ਹਾਲਤ ਨਾ ਸੁਧਰਨਾ ਸਾਬਤ ਕਰਦਾ ਹੈ ਕਿ ਮੁਰੰਮਤ ਫੰਡਾਂ ਵਿੱਚ ਵੱਡਾ ਭ੍ਰਿਸ਼ਟਾਚਾਰ ਕੀਤਾ ਗਿਆ ਹੈ। ਨਿਗਰਾਨ ਅਧਿਕਾਰੀਆਂ ਦੇ ਹਾਲਾਤ ਇਹ ਹਨ ਕਿ ਕਰੀਬ ਸਾਲ ਪਹਿਲਾਂ ਸੇਵਾਮੁਕਤ ਹੋਏ ਨਿਗਰਾਨ ਇੰਜਨੀਅਰ ਅਤੇ ਕਾਰਜਕਾਰੀ ਇੰਜਨੀਅਰ ਤੋਂ ਬਾਅਦ ਇੱਥੇ ਵਧੀਕ ਚਾਰਜ ਵਾਲੇ ਅਧਿਕਾਰੀਆਂ ਰਾਹੀਂ ਹੀ ਕੰਮ ਚਲਾਇਆ ਜਾ ਰਿਹਾ ਹੈ। ਚੰਡੀਗੜ੍ਹ ਅਤੇ ਪਟਿਆਲਾ ਤੋਂ ਕਦੇ ਕਦਾਈਂ ਆਉਣ ਵਾਲੇ ਅਧਿਕਾਰੀਆਂ ਕਾਰਨ ਨਹਿਰ ਦੀ ਸਹੀ ਨਿਗਰਾਨੀ ਨਹੀਂ ਹੋ ਰਹੀ। ਇਸ ਕਾਰਨ ਹੇਠਲੇ ਅਧਿਕਾਰੀਆਂ ਵਲੋਂ ਵੀ ਨਹਿਰ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਮੁਰੰਮਤ ਲਈ ਖਰਚੇ ਗਏ ਫੰਡਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਨਹਿਰ ਦੀ ਜਲਦੀ ਹੀ ਮੁਰੰਮਤ ਕਰਵਾਈ ਜਾਵੇਗੀ: ਚੀਫ ਇੰਜਨੀਅਰ
ਚੀਫ ਇੰਜਨੀਅਰ ਡੀ ਕੇ ਖੋਸਲਾ ਨੇ ਕਿਹਾ ਕਿ ਉਹ ਜਲਦ ਹੀ ਨਹਿਰ ਦਾ ਦੌਰਾ ਕਰਨਗੇ ਅਤੇ ਨੁਕਸਾਨੀ ਨਹਿਰ ਦੀ ਤੁਰੰਤ ਮੁਰੰਮਤ ਕਰਵਾਈ ਜਾਵੇਗੀ। ਹਾਈਡਲ ਪ੍ਰਾਜੈਕਟ ‘ਤੇ ਨਿਗਰਾਨ ਅਧਿਕਾਰੀਆਂ ਦੀ ਘਾਟ ਬਾਰੇ ਉਨ੍ਹਾਂ ਕਿਹਾ ਕਿ ਪਾਵਰਕੌਮ ਵਿੱਚ ਹੀ ਸਿਵਲ ਅਧਿਕਾਰੀਆਂ ਦੀ ਘਾਟ ਕਾਰਨ ਅਜਿਹਾ ਹੋ ਰਿਹਾ ਹੈ। ਐਸਡੀਓ ਸਟਾਲਿਟਪ੍ਰੀਤ ਸਿੰਘ ਨੇ ਕਿਹਾ ਕਿ ਸਬੰਧਿਤ ਸਥਾਨ ਦੀ ਮੁਰੰਮਤ ਲਈ ਟੈਂਡਰ ਮੰਗੇ ਗਏ ਹਨ।