ਨਵੀਂ ਦਿੱਲੀ, 30 ਜੂਨ
ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਅੱਜ ਪੁਲ ਬੰਗਸ਼ ਕੇਸ ਅਤੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਸੀਬੀਆਈ ਵੱਲੋਂ ਦਰਜ ਕੀਤੇ ਗਏ ਕੇਸ ਸਬੰਧੀ ਰਿਕਾਰਡ ਹੇਠਲੀ ਅਦਾਲਤ ਤੋਂ ਤਲਬ ਕੀਤਾ ਹੈ। ਇਹ ਮਾਮਲਾ ਅਜੇ ਦੋਸ਼ ਪੱਤਰ ’ਤੇ ਵਿਚਾਰ ਕਰਨ ਦੇ ਦੌਰ ਵਿੱਚ ਹੈ। ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਵਿਧੀ ਗੁਪਤਾ ਆਨੰਦ ਨੇ ਕੜਕੜਡੂਮਾ ਅਦਾਲਤ ਦੇ ਰਿਕਾਰਡ ਰੂਮ ਦੇ ਇੰਚਾਰਜ ਨੂੰ ਅਗਲੀ ਤਰੀਕ ਮੌਕੇ ਕੇਸ ਦੀ ਫਾਈਲ ਸਮੇਤ ਹਾਜ਼ਰ ਹੋਣ ਲਈ ਕਿਹਾ ਹੈ। ਅਦਾਲਤ ਨੇ ਮੁੱਖ ਕੇਂਦਰੀ ਜਾਂਚ ਏਜੰਸੀ ਨੂੰ ਟਾਈਟਲਰ ਦੀ ਆਵਾਜ਼ ਦੇ ਨਮੂਨੇ ਦੀ ਐੱਫਐੱਸਐੱਲ ਰਿਪੋਰਟ ਹਾਸਲ ਕਰਨ ਦੀ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਲਈ ਵੀ ਕਿਹਾ ਹੈ। ਦੰਗਾ ਪੀੜਤਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਅਦਾਲਤ ਤੋਂ ਐਫਐੱਸਐੱਲ ਰਿਪੋਰਟ ਦੀ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ। ਕੇਸ ਦੀ ਸੁਣਵਾਈ 6 ਜੁਲਾਈ ਨੂੰ ਹੋਵੇਗੀ। ਅਦਾਲਤ ਦੇ ਧਿਆਨ ’ਚ ਲਿਆਂਦਾ ਗਿਆ ਕਿ 2007 ’ਚ ਸੀਬੀਆਈ ਵੱਲੋਂ ਇੱਕ ਕਲੋਜ਼ਰ ਰਿਪੋਰਟ ਦਾਇਰ ਕੀਤੀ ਗਈ ਸੀ। -ਏਐੱਨਆਈ