ਨਵੀਂ ਦਿੱਲੀ, 30 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਿੱਖਿਆ ਦੇ ਖੇਤਰ ’ਚ ਭਵਿੱਖਮੁਖੀ ਨੀਤੀਆਂ ਤੇ ਫ਼ੈਸਲਿਆਂ ਦਾ ਨਤੀਜਾ ਹੈ ਕਿ ਅੱਜ ਭਾਰਤੀ ਯੂਨੀਵਰਸਿਟੀਆਂ ਦੀ ਆਲਮੀ ਪੱਧਰ ’ਤੇ ਪਛਾਣ ਵਧ ਰਹੀ ਹੈ। ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮਾਂ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਸਾਲ 2014 ’ਚ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸੀ ਤਾਂ ਉਸ ਸਮੇਂ ਤੋਂ ਬਾਅਦ ਨਵੀਂ ਕਿਊਐੱਸ ਆਲਮੀ ਰੈਂਕਿੰਗ ’ਚ ਸ਼ਾਮਲ ਭਾਰਤੀ ਯੂਨੀਵਰਸਿਟੀਆਂ ਦੀ ਗਿਣਤੀ 12 ਤੋਂ ਵਧ ਕੇ 45 ਹੋ ਗਈ ਹੈ। ਉਨ੍ਹਾਂ ਹਾਲ ਹੀ ਦੇ ਸਾਲਾਂ ’ਚ ਆਈਆਈਟੀ, ਆਈਆਈਐੱਮ ਤੇ ਏਮਸ ਦੀ ਗਿਣਤੀ ’ਚ ਹੋਏ ਵਾਧੇ ਦਾ ਹਵਾਲਾ ਦਿੱਤਾ ਤੇ ਉਨ੍ਹਾਂ ਇਨ੍ਹਾਂ ਨੂੰ ਨਵੇਂ ਭਾਰਤ ਦੇ ਨਿਰਮਾਣ ’ਚ ਮਹੱਤਵਪੂਰਨ ਕਰਾਰ ਦਿੱਤਾ। ਪ੍ਰਧਾਨ ਮੰਤਰੀ ਮੈਟਰੋ ਦਾ ਸਫ਼ਰ ਕਰਕੇ ਦਿੱਲੀ ਯੂਨੀਵਰਸਿਟੀ ਪੁੱਜੇ ਤੇ ਇਸ ਦੌਰਾਨ ਉਨ੍ਹਾਂ ਮੈਟਰੋ ’ਚ ਵਿਦਿਆਰਥੀਆਂ ਤੇ ਹੋਰ ਮੁਸਾਫਰਾਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਸੀਪੀਆਈ (ਐੱਮਐੱਲ) ਦੇ ਵਿਦਿਆਰਥੀ ਵਿੰਗ ਏਆਈਐੱਸਏ (ਆਇਸਾ) ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਦੇ ਦੌਰੇ ਕਾਰਨ ਉਨ੍ਹਾਂ ਦੇ ਕਾਰਕੁਨਾਂ ਨੂੰ ਫਲੈਟਾਂ ਅੰਦਰ ਬੰਦ ਰੱਿਖਆ ਗਿਆ।
ਉਨ੍ਹਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੌਮੀ ਸਿੱਖਿਆ ਨੀਤੀ ਰਾਹੀਂ ਇਸ ਗੱਲ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ਕਿ ਵਿਦਿਆਰਥੀ ਸਿੱਖਣਾ ਕੀ ਚਾਹੁੰਦੇ ਹਨ ਜਦਕਿ ਪਹਿਲਾਂ ਇਸ ਗੱਲ ’ਤੇ ਜ਼ੋਰ ਦਿੱਤਾ ਜਾਂਦਾ ਸੀ ਕਿ ਵਿਦਿਆਰਥੀਆਂ ਨੂੰ ਕੀ ਪੜ੍ਹਾਇਆ ਜਾਵੇ। ਪ੍ਰਧਾਨ ਮੰਤਰੀ ਨੇ ਇਸ ਮੌਕੇ ਦਿੱਲੀ ਯੂਨੀਵਰਸਿਟੀ ਕੰਪਿਊਟਰ ਸੈਂਟਰ, ਤਕਨੀਕ ਵਿਭਾਗ ਤੇ ਅਕਾਦਮਿਕ ਬਲਾਕ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਆਪਣੀ ਅਮਰੀਕਾ ਯਾਤਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਵਿੱਚ ਦੁਨੀਆ ਦਾ ਭਰੋਸਾ ਵਧਣ ਦੇ ਨਾਲ ਨਾਲ ਭਾਰਤ ਦੀ ਇੱਜ਼ਤ ਵੀ ਦੁਨੀਆ ਭਰ ’ਚ ਵਧੀ ਹੈ। ਉਨ੍ਹਾਂ ਕਿਹਾ ਕਿ ਇਸ ਫੇਰੀ ਦੌਰਾਨ ਦੋਵਾਂ ਮੁਲਕਾਂ ਵਿਚਾਲੇ ਹੋਏ ਸਮਝੌਤਿਆਂ ਨਾਲ ਭਾਰਤ ਦੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨ ਹੁਣ ਉਹ ਤਕਨੀਕ ਹਾਸਲ ਕਰ ਸਕਣਗੇ ਜੋ ਹੁਣ ਤੱਕ ਉਨ੍ਹਾਂ ਦੀ ਪਹੁੰਚ ਤੋਂ ਦੂਰ ਸੀ ਤੇ ਇਸ ਨਾਲ ਉਨ੍ਹਾਂ ਦੇ ਹੁਨਰ ਦਾ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਮਾਈਕਰੋਨ ਤੇ ਗੂਗਲ ਵਰਗੀਆਂ ਕੰਪਨੀਆਂ ਦੇਸ਼ ’ਚ ਨਿਵੇਸ਼ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਜ਼ਿੰਦਗੀ ਦੇ ਵੱਖ ਵੱਖ ਹਿੱਸਿਆਂ ’ਚ ਪਾਏ ਯੋਗਦਾਨ ਬਦਲੇ ਦਿੱਲੀ ਯੂਨੀਵਰਸਿਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਯੂਨੀਵਰਸਿਟੀ ਨਹੀਂ ਹੈ ਬਲਕਿ ਇੱਕ ਮੁਹਿੰਮ ਹੈ। -ਪੀਟੀਆਈ
ਮੋਦੀ ਅੱਜ ਕੌਮੀ ਸਿਕਲ ਸੈੱਲ ਐਨੀਮੀਆ ਮਿਸ਼ਨ ਦੀ ਕਰਨਗੇ ਸ਼ੁਰੂਆਤ
ਭੋਪਾਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲ੍ਹੇ ਤੋਂ ਐਨੀਮੀਆ ਦੇ ਖਾਤਮੇ ਲਈ ਕੌਮੀ ਮੁਹਿੰਮ (ਕੌਮੀ ਸਿਕਲ ਸੈੱਲ ਐਨੀਮੀਆ ਐਲਿਮੀਨੇਸ਼ਨ ਮਿਸ਼ਨ) ਸ਼ੁਰੂ ਕਰਨਗੇ। ਇਸ ਸਬੰਧੀ ਜਾਰੀ ਕੀਤੇ ਗਏ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਲਾਭਪਾਤਰੀਆਂ ਨੂੰ ਸਿਕਲ ਸੈੱਲ ਬਾਰੇ ਕਾਰਡ ਵੀ ਵੰਡਣਗੇ। -ਪੀਟੀਆਈ