ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੂਨ
ਦਿੱਲੀ ਸਰਕਾਰ ਦੇ ਬੁਰਾੜੀ ਸਥਿਤ ਟਰਾਂਸਪੋਰਟ ਦਫ਼ਤਰ ਵਿੱਚ ਆਟੋਜ਼ ਦੀ ਰਜਿਸਟ੍ਰੇਸ਼ਨ ਦੇ ਮਾਮਲੇ ਵਿੱਚ 14 ਮੁਲਜ਼ਮਾਂ ਦੀ ਗ੍ਰਿਫਤਾਰੀ ਮਗਰੋਂ ਦਿੱਲੀ ਦੀਆਂ ਸਿਆਸੀ ਧਿਰਾਂ ’ਚ ਘਮਾਸਾਣ ਸ਼ੁਰੂ ਹੋ ਗਿਆ ਤੇ ਵਿਰੋਧੀ ਧਿਰਾਂ ਨੇ ‘ਆਪ’ ਸਰਕਾਰ ਨੂੰ ਨਿਸ਼ਾਨਾ ਬਣਾਇਆ। ਬੀਤੀ ਸ਼ਾਮ ਜਾਂਚ ਏਜੰਸੀ ਏਸੀਬੀ ਵੱਲੋਂ 14 ਵਿਅਕਤੀਆਂ ਨੂੰ ਆਟੋ ਖਰੀਦ ਵੇਚ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਦੱਸਿਆ ਗਿਆ ਹੈ ਕਿ ਫਿਟਨੈੱਸ ਸੈਂਟਰ ’ਚ ਮਰੇ ਡਰਾਈਵਰਾਂ ਦੇ ਨਾਂ ’ਤੇ ਫਿਟਨੈੱਸ ਅਤੇ ਆਟੋ ਪਰਮਿਟ ਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਚੱਲ ਰਹੇ ਵੱਡੇ ਘਪਲੇ ਦਾ ਪਰਦਾਫਾਸ਼ ਹੋਇਆ। ਸਵੈ ਸੇਵੀ ਮਾਨਸ ਫਾਊਂਡੇਸ਼ਨ ਦੇ ਮ੍ਰਿਤਕ ਡਰਾਈਵਰਾਂ ਨੂੰ ਟਰੇਨਿੰਗ ਦੇਣ ਦੀ ਜਾਅਲਸਾਜ਼ੀ ਦਾ ਵੀ ਪਰਦਾਫਾਸ਼ ਹੋਇਆ। ਇਸ ਮਾਮਲੇ ਵਿੱਚ ਆਟੋ ਡੀਲਰ, ਏਜੰਟ, ਪੁਰਾਣੇ ਆਟੋ ਖ਼ਰੀਦਣ ਵਾਲੇ, ਫਾਈਨਾਂਸ ਕਰਨ ਵਾਲੇ ਸ਼ਾਮਲ ਹਨ। ਰਾਜੌਰੀ ਗਾਰਡਨ ਦੇ ਸਿੱਖ ਆਗੂ ਹਰਪਾਲ ਸਿੰਘ ਕੋਛੜ ਵੀ ਇਸ ਮਾਮਲੇ ਦੀ ਜੱਦ ’ਚ ਆ ਗਏ ਹਨ।
ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਮਰੇ ਲੋਕਾਂ ਦੇ ਨਾਂ ’ਤੇ ਆਟੋ ਰਿਕਸ਼ਿਆਂ ਦੀ ਰਜਿਸਟਰੇਸ਼ਨ ਤੇ ਬੁਰਾੜੀ ਫਿਟਨੈੱਸ ਸੈਂਟਰ ’ਚ ਚੱਲ ਰਹੇ ਹੋਰ ਘੁਟਾਲਿਆਂ ਦੇ ਸਬੰਧ ’ਚ ਏ.ਸੀ.ਬੀ. ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਏਸੀਬੀ ਵੱਲੋਂ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ਦਿੱਲੀ ਭਾਜਪਾ ਦੇ ਸੰਘਰਸ਼ ਦਾ ਨਤੀਜਾ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਘੁਟਾਲੇ ਦੇ ਤਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜੁੜੇ ਹੋਣ ਦੀ ਜਾਂਚ ਤੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਦੀ ਭੂਮਿਕਾ ਵੀ ਜਾਂਚੀ ਜਾਵੇ।
ਸਰਕਾਰ ਦੀਆਂ ਅੱਖਾਂ ਸਾਹਮਣੇ ਹੋ ਰਹੀ ਹੈ ਜਾਅਲਸਾਜ਼ੀ: ਕਾਂਗਰਸ
ਕਾਂਗਰਸ ਦੇ ਸੂਬਾ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ‘ਆਪ’ ਦੇ ਅਸਮਰਥ ਵਿਧਾਇਕਾਂ ਕਾਰਨ ਇਕ ਘੁਟਾਲਾ ਸਾਹਮਣੇ ਆਇਆ ਹੈ। ਅਨਿਲ ਕੁਮਾਰ ਨੇ ਕਿਹਾ ਕਿ ਆਟੋ ਯੂਨੀਅਨਾਂ ਵੱਲੋਂ ਮਈ 2022 ਵਿੱਚ ਹਾਈ ਕੋਰਟ ਵਿੱਚ ਕੇਸ ਦਾਇਰ ਕੀਤੇ ਜਾਣ ਤੋਂ ਬਾਅਦ ਹਾਈ ਕੋਰਟ ਦੇ ਹੁਕਮਾਂ ’ਤੇ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਵੱਲੋਂ ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਿੱਚ ਹੋਏ ਘਪਲੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਆਟੋ ਰਿਕਸ਼ਾ ਪਰਮਿਟ ਰੀਨਿਊ ਅਤੇ ਟਰਾਂਸਫਰ ਫਰਾਡ ਆਦਿ ਸਭ ਕੁਝ ਸਰਕਾਰ ਦੀ ਨਿਗਰਾਨੀ ਹੇਠ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਕੇਜਰੀਵਾਲ ਨੇ ਆਟੋ ਰਿਕਸ਼ਾ ਚਾਲਕਾਂ ਦੇ ਹਿੱਤ ’ਚ ਕੰਮ ਕਰਨ ਦਾ ਵਾਅਦਾ ਕੀਤਾ ਸੀ ਪਰ ਸੱਤਾ ’ਚ ਆਉਣ ਤੋਂ ਬਾਅਦ ਆਟੋ ਚਾਲਕਾਂ ਨੂੰ ਪਰਮਿਟ ਦੇਣ ’ਚ ਧੋਖਾਧੜੀ ਕੀਤੀ ਜਾ ਰਹੀ ਹੈ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਹੋਰ ਲੋਕਾਂ ਨੂੰ ਪਰਮਿਟ ਦਿੱਤੇ ਜਾ ਰਹੇ ਹਨ|