ਇਕਬਾਲ ਸਿੰਘ ਸ਼ਾਂਤ
ਲੰਬੀ, 30 ਜੂਨ
ਘੁਮਿਆਰਾ ਦੀ ਪੰਚਾਇਤ ਵੱਲੋਂ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਕਰਨ ਦਾ ਮਤਾ ਪਾਸ ਕਰਨ ਮਗਰੋਂ ਆਮ ਪਿੰਡ ਵਾਸੀ ਨਸ਼ਾਖ਼ੋਰੀ ਦੇ ਖ਼ਿਲਾਫ਼ ਮੈਦਾਨ ਵਿੱਚ ਨਿੱਤਰ ਪਏ ਹਨ। ਪਿੰਡ ਵਾਸੀਆਂ ਨੇ ਸਮੂਹ ਨੌਜਵਾਨਾਂ ਤੇ ਪੁਰਸ਼ਾਂ ਦੇ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ। ਪਿੰਡ ਵਾਸੀਆਂ ਨੇ ਮੈਡੀਕਲ ਸਟੋਰ ਸੰਚਾਲਕ ਦੀ ਕਈ ਏਕੜ ਖੇਤੀਬਾੜੀ ਜ਼ਮੀਨ ’ਤੇ ਵੱਡੇ ਸੁਆਲ ਉਠਾਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪਿੰਡ ਵਾਸੀਆਂ ਕੁਲਵੰਤ ਸਿੰਘ, ਰਮਨਦੀਪ ਸਿੰਘ, ਪ੍ਰਕਾਸ਼ ਸਿੰਘ, ਵੀਰ ਸਿੰਘ, ਲਖਵੀਰ ਸਿੰਘ, ਸਤਨਾਮ ਸਿੰਘ, ਜਗਰਾਜ ਸਿੰਘ, ਗਮਦੂਰ ਸਿੰਘ, ਪ੍ਰੀਤਮ ਸਿੰਘ, ਅਵਤਾਰ ਸਿੰਘ, ਮਹਿੰਦਰ ਸਿੰਘ ਤੇ ਬੂਟਾ ਸਿੰਘ ਨੇ ਖੁਲਾਸਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਿੰਡ ਘੁਮਿਆਰਾ ਵੱਡੇ ਪੱਧਰ ’ਤੇ ਨਸ਼ੇ ਦੀ ਮਾਰ ਹੇਠਾਂ ਹੈ। ਜੇ ਸਰਕਾਰ ਵੱਲੋਂ ਡੋਪ ਟੈਸਟ ਕੀਤੇ ਜਾਣ। ਪ੍ਰਕਾਸ਼ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੇ ਕੁਵੈਤ ਰਹਿੰਦੇ ਪਿਤਾ ਵੱਲੋਂ ਭੇਜੇ ਪੰਜ ਲੱਖ ਰੁਪਏ ਮੈਡੀਕਲ ਸਟੋਰ ਤੋਂ ਮੈਡੀਕਲ ਨਸ਼ਾ ਖਰੀਦਣ ’ਤੇ ਉਡਾ ਦਿੱਤੇ। ਉਸ ਨੇ ਕੁੱਝ ਮਹੀਨੇ ਪਹਿਲਾਂ ਨਸ਼ਾ ਛੱਡਿਆ ਹੈ। ਸਾਬਕਾ ਫ਼ੌਜੀ ਫੁਲੇਲ ਸਿੰਘ ਨੇ ਵੀ ਉਸ ਦੇ ਨਸ਼ਾ ਪੀੜਤ ਵਿਆਹੇ ਪੁੱਤਰ ਵੱਲੋਂ ਘਰ ਦਾ ਸਾਮਾਨ ਵੇਚਣ ਦੀ ਵਿੱਥਿਆ ਸੁਣਾਈ। ਰਮਨਦੀਪ ਸਿੰਘ ਨੇ ਦੋਸ਼ ਲਗਾਇਆ ਕਿ ਪਿੰਡ ਵਿੱਚ ਸਥਿਤ ਮੈਡੀਕਲ ਸਟੋਰ ਤੋਂ ਸਕੂਲੀ ਵਿਦਿਆਰਥੀਆਂ ਤੱਕ ਨਸ਼ਾ ਵੇਚਿਆ ਜਾ ਰਿਹਾ ਹੈ। ਪ‘ਆਪ’ ਆਗੂ ਅਤੇ ਪੰਚ ਟੇਕ ਸਿੰਘ ਨੇ ਮੈਡੀਕਲ ਸਟੋਰਾਂ ਦੇ ਸੰਚਾਲਕਾਂ ਦੇ ਬੇਹੱਦ ਘੱਟ ਸਮੇਂ ਕਥਿਤ ਅਮੀਰ ਹੋਣ ਦੇ ਦੋਸ਼ ਲਾਏ। ਪਿੰਡ ਵਾਸੀਆਂ ਨੇ ਇਕਸੁਰ ਹੁੰਦਿਆਂ ਕਿਹਾ ਕਿ ਕਿ ਪੰਚਾਇਤ ਵੱਲੋਂ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਕਰਵਾਉਣ ਦੇ ਪਾਸ ਕੀਤੇ ਮਤੇ ਨੂੰ ਤੁਰੰਤ ਲਾਗੂ ਕਰਵਾਇਆ ਜਾਵੇ। ਪਿੰਡ ਵਾਸੀਆਂ ਦੇ ਡੋਪ ਟੈਸਟ ਕਰਵਾਏ ਜਾਣ ਅਤੇ ਪਿੰਡ ਵਿੱਚ ਸਰਕਾਰੀ ਮੈਡੀਕਲ ਸਟੋਰ ਖੋਲ੍ਹਿਆ ਜਾਵੇ। ਇਹ ਜਾਇਜ਼ ਮੰਗਾਂ ਨਾ ਮੰਨਣ ‘ਤੇ ਪਿੰਡ ਵਾਸੀ ਸੰਘਰਸ਼ ਨੂੰ ਮਜਬੂਰ ਹੋਣਗੇ।
ਡਰੱਗ ਇੰਸਪੈਕਟਰਾਂ ਦੇ ਛਾਪੇ ਮਗਰੋਂ ਮੈਡੀਕਲ ਸਟੋਰ ਸੀਲ
ਮੈਡੀਕਲ ਨਸ਼ੇ ਦਾ ਮਾਮਲਾ ਭਖਣ ’ਤੇ ਪੁਲੀਸ ਅਤੇ ਡਰੱਗ ਇੰਸਪੈਕਟਰ ’ਤੇ ਆਧਾਰਤ ਸਾਂਝੀ ਟੀਮ ਨੇ ਘੁਮਿਆਰਾ ਦੇ ਤਿੰਨ ਮੈਡੀਕਲ ਸਟੋਰਾਂ ’ਤੇ ਛਾਪੇ ਮਾਰੇ। ਡਰੱਗ ਇੰਸਪੈਕਟਰ ਹਰਿਤਾ ਬਾਂਸਲ ਨੇ ਦੱਸਿਆ ਕਿ ਖੁਰਾਣਾ ਮੈਡੀਕਲ ਸਟੋਰ ’ਤੇ ਬਿਨਾਂ ਖਰੀਦ ਬਿੱਲ ਦੇ 100 ਕੈਪਸੂਲ ਅਤੇ 160 ਗੋਲੀਆਂ ਮਿਲੀਆਂ ਹਨ। ਜਿਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਮੈਡੀਕਲ ਸਟੋਰ ਨੂੰ ਹਾਲ ਦੀ ਘੜੀ ਸੀਲ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ ਪੁਲੀਸ ਨੇ ਮੈਡੀਕਲ ਸਟੋਰ ਆਰਜ਼ੀ ਬੰਦ ਕਰਵਾ ਦਿੱਤਾ ਸੀ।