ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 30 ਜੂਨ
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ 293 ਜੇਬੀਟੀ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ ਜੋ ਕਿ ਭਲਕੇ ਜਨਤਕ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਿਭਾਗ ਵੱਲੋਂ ਸਪੈਸ਼ਲ ਐਜੂਕੇਟਰ, ਟੀਜੀਟੀ ਤੇ ਪੀਜੀਟੀ ਦੀ ਵੀ ਭਰਤੀ ਵੀ ਕੀਤੀ ਜਾਵੇਗੀ। ਇਹ ਭਰਤੀਆਂ ਅਗਲੇ ਮਹੀਨੇ ਜਨਤਕ ਕਰ ਦਿੱਤੀਆਂ ਜਾਣਗੀਆਂ। ਇਸ ਵੇਲੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਾਫੀ ਘਾਟ ਹੈ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
ਇਸ ਤੋਂ ਪਹਿਲਾਂ ਜੇਬੀਟੀ ਘੁਟਾਲੇ ਕਾਰਨ ਇਕ ਹਜ਼ਾਰ ਅਧਿਆਪਕਾਂ ਦੀ ਭਰਤੀ ਰੱਦ ਹੋਣ ਕਰ ਕੇ ਯੂਟੀ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਘਾਟ ਆ ਗਈ ਸੀ।
ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਵਿਭਾਗ ਵੱਲੋਂ 293 ਜੇਬੀਟੀ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ 149 ਸੀਟਾਂ ਜਨਰਲ, 59 ਐੱਸਸੀ ਤੇ 56 ਸੀਟਾਂ ਓਬੀਸੀ ਲਈ ਰਾਖਵੀਆਂ ਹਨ। ਇਹ ਭਰਤੀ 20 ਜੁਲਾਈ ਨੂੰ ਖੁੱਲੇਗੀ ਜਿਸ ਲਈ ਅਪਲਾਈ ਕਰਨ ਦੀ ਆਖਰੀ ਤਰੀਕ 14 ਅਗਸਤ ਹੋਵੇਗੀ। ਇਸ ਭਰਤੀ ਲਈ ਲਿਖਤੀ ਪ੍ਰੀਖਿਆ 30 ਜੁਲਾਈ ਤੋਂ ਬਾਅਦ ਹੋਵੇਗੀ ਜੋ ਕਿ 150 ਨੰਬਰਾਂ ਦੀ ਹੋਵੇਗੀ। ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਸਮੱਗਰ ਸਿੱਖਿਆ ਤਹਿਤ ਵੀ ਅਧਿਆਪਕਾਂ ਦੀ ਭਰਤੀ ਹੁੰਦੀ ਹੈ। ਇਸ ਤੋਂ ਇਲਾਵਾ ਅਧਿਆਪਕਾਂ ਦੀ ਨਵੀਂ ਭਰਤੀ ਲਈ ਕੇਂਦਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਅਤੇ ਯੂਟੀ ਨੇ ਸ਼ਹਿਰ ਵਿੱਚ ਅਧਿਆਪਕਾਂ ਦੀ ਘਾਟ ਦਾ ਹਵਾਲਾ ਦਿੰਦਿਆਂ ਜੇਬੀਟੀ, ਸਪੈਸ਼ਲ ਐਜੂਕੇਟਰ, ਟੀਜੀਟੀ ਤੇ ਪੀਜੀਟੀ ਅਧਿਆਪਕਾਂ ਦੀ ਨਿਯੁਕਤੀ ਕਰਨ ਦੀ ਮੰਗ ਕੀਤੀ ਸੀ। ਇਸ ਨੂੰ ਕੇਂਦਰ ਨੇ ਮਨਜ਼ੂਰੀ ਦੇ ਦਿੱਤੀ ਹੈ।
ਦੱਸਣਾ ਬਣਦਾ ਹੈ ਕਿ ਚੰਡੀਗੜ੍ਹ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਅਨੁਪਾਤ ਵਿਗੜ ਗਿਆ ਹੈ। ਇਸ ਵੇਲੇ ਇੱਥੋਂ ਦੇ ਕਈ ਸਕੂਲਾਂ ਵਿੱਚ ਇਕ ਜਮਾਤ ਵਿਚ 70 ਤੋਂ 80 ਵਿਦਿਆਰਥੀ ਪੜ੍ਹ ਰਹੇ ਹਨ ਜਦਕਿ ਸਿੱਖਿਆ ਦੇ ਅਧਿਕਾਰ ਐਕਟ ਤਹਿਤ ਇਕ ਜਮਾਤ ਵਿੱਚ ਇਕ ਅਧਿਆਪਕ ਜ਼ਿਆਦਾ ਤੋਂ ਜ਼ਿਆਦਾ 35 ਤੋਂ 40 ਵਿਦਿਆਰਥੀਆਂ ਨੂੰ ਹੀ ਪੜ੍ਹਾ ਸਕਦਾ ਹੈ।
ਅਧਿਆਪਕਾਂ ਦੀਆਂ ਮਨਜ਼ੂਰ ਆਸਾਮੀਆਂ ਦੇ ਵੇਰਵੇ
ਸਕੱਤਰੇਤ ਦੇ ਰਿਕਾਰਡ ਅਨੁਸਾਰ ਯੂਟੀ ਦੇ ਸਿੱਖਿਆ ਵਿਭਾਗ ਵਿੱਚ ਪੀਜੀਟੀ ਦੀਆਂ ਮਨਜ਼ੂਰ ਆਸਾਮੀਆਂ 541 ਹਨ ਜਿਨ੍ਹਾਂ ਵਿੱਚੋਂ 57 ਖਾਲੀ ਹਨ। ਇਸ ਤੋਂ ਇਲਾਵਾ ਟੀਜੀਟੀ ਦੀਆਂ ਮਨਜ਼ੂਰ ਆਸਾਮੀਆਂ 2442 ਹਨ ਜਿਨ੍ਹਾਂ ਵਿੱਚੋਂ 237 ਖਾਲੀ ਹਨ। ਜੇਬੀਟੀ ਦੀਆਂ 1398 ਮਨਜ਼ੂਰ ਆਸਾਮੀਆਂ ਹਨ ਜਿਨ੍ਹਾਂ ਵਿਚੋਂ 165 ਆਸਾਮੀਆਂ ਖਾਲੀ ਹਨ। ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜੁਲਾਈ ’ਚ ਹਰ ਹਫਤੇ ਅਧਿਆਪਕਾਂ ਦੀਆਂ ਨਵੀਆਂ ਭਰਤੀਆਂ ਦਾ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਇਆ ਜਾਵੇਗਾ ਜਿਸ ਨਾਲ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕੀਤੀ ਜਾਵੇਗੀ ਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਨਵੇਂ ਜੇਬੀਟੀ ਅਧਿਆਪਕਾਂ ਨੂੰ 9300-34800 ਪੇਅ ਬੈਂਡ 4200 ’ਤੇ ਨਿਯੁਕਤ ਕੀਤਾ ਜਾਵੇਗਾ।