ਪੱਤਰ ਪ੍ਰੇਰਕ
ਮਹਿਲ ਕਲਾਂ, 1 ਜੁਲਾਈ
ਆਪਣੀਆਂ ਸੇਵਾਵਾਂ ਪੂਰੇ ਲਾਭ ਸਮੇਤ ਰੈਗੂਲਰ ਕਰਵਾਉਣ ਲਈ ਸੰਗਰੂਰ ਵਿੱਚ ਸੰਘਰਸ਼ ਕਰ ਰਹੇ 8736 ਕੱਚੇ ਅਧਿਆਪਕਾਂ ’ਤੇ ਪੁਲੀਸ ਵੱਲੋਂ ਲਾਠੀਚਾਰਜ ਕਰਨ ਅਤੇ ਅਧਿਆਪਕਾਂ ਨੂੰ ਹਿਰਾਸਤ ਵਿੱਚ ਲੈਣ ਦੇ ਰੋਸ ਵਜੋਂ ਮਹਿਲ ਕਲਾਂ ’ਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਡੀਐੱਮਐੱਫ ਦੇ ਆਗੂ ਬਲਜਿੰਦਰ ਪ੍ਰਭੂ, ਕਿਸਾਨ ਆਗੂ ਮਲਕੀਤ ਮਹਿਲ ਕਲਾਂ, ਜਗਰਾਜ ਹਰਦਾਸਪੁਰਾ, ਨੌਜਵਾਨ ਆਗੂ ਹਰਜੀਤ ਸਿੰਘ ਖਿਆਲੀ, ਲੈਕਚਰਾਰ ਰਜਿੰਦਰ ਕੁਮਾਰ, ਜਤਿੰਦਰ ਸਿੰਘ, ਹਰਜਿੰਦਰ ਸਿੰਘ,ਲਖਵੰਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਨੇ ਕੱਚੇ ਅਧਿਆਪਕਾਂ ਪੱਕੇ ਕਰਨ ਦਾ ਐਲਾਨ ਕਰਕੇ ਪੰਜਾਬੀਆਂ ਨੂੰ ਗੁਮਰਾਹ ਕੀਤਾ ਹੈ ਜਦਕਿ ਹਕੀਕਤ ਇਹ ਹੈ ਕਿ ਕੱਚੇ ਅਧਿਆਪਕ ਅਜੇ ਵੀ ਕੱਚੇ ਹੋਣ ਦਾ ਦਰਦ ਹੰਢਾ ਰਹੇ ਹਨ। ਇਸ ਮੌਕੇ ਮੰਗ ਕੀਤੀ ਗਈ ਕਿ ਕੱਚੇ ਅਧਿਆਪਕਾਂ ਨੂੰ ਰੈਗੂਲਰ ਪੇਅ ਸਕੇਲ ਤਹਿਤ ਪੱਕੇ ਕੀਤਾ ਜਾਵੇ ਤੇ ਹਿਰਾਸਤ ਵਿੱਚ ਲਏ ਸਮੂਹ ਅਧਿਆਪਕ ਫੌਰੀ ਰਿਹਾਅ ਕੀਤੇ ਜਾਣ।
ਲੰਬੀ (ਪੱਤਰ ਪ੍ਰੇਰਕ): ਡੀ.ਟੀ.ਐਫ. ਬਲਾਕ ਲੰਬੀ ਨੇ ਲਾਠੀਚਾਰਜ ਦੀ ਕਾਰਵਾਈ ਨੂੰ ਸਿੱਧੇ ਤੌਰ ’ਤੇ ਜਮਹੂਰੀ ਹੱਕਾਂ ਦਾ ਘਾਣ ਦੱਸਦੇ ਆਖਿਆ ਕਿ ਬੇਹੱਦ ਮੰਦਭਾਗਾ ਹੈ ਕਿ ਅੱਜ ਪੰਜਾਬ ਵਿਚ ਕੱਚੇ ਅਧਿਆਪਕਾਂ ਵੱਲੋਂ ਪੂਰੀ ਤਨਖਾਹ ਅਤੇ ਪੱਕੇ ਰੁਜ਼ਗਾਰ ਦੀ ਮੰਗ ਕਰਨਾ ਵੀ ਗੁਨਾਹ ਹੋ ਗਿਆ ਹੈ। ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਬਲਾਕ ਲੰਬੀ ਪ੍ਰਧਾਨ ਗੁਰਪ੍ਰੀਤ ਲੰਬੀ, ਸਕੱਤਰ ਜਸਵਿੰਦਰ ਖੁੱਡੀਆਂ, ਜਸਕੌਲ ਸਿੰਘ, ਕੁਲਦੀਪ ਸ਼ਰਮਾ ਖੁੱਡੀਆਂ, ਤਰਸੇਮ ਘੁਮਿਆਰਾ, ਨਰੇਸ਼ ਚੰਨੂੰ, ਪਰਮਿੰਦਰ ਕਿੱਲਿਆਂਵਾਲੀ ਤੇ ਪ੍ਰਦੀਪ ਬੀਦੋਵਾਲੀ ਨੇ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ।