ਪੱਤਰ ਪ੍ਰੇਰਕ
ਪਠਾਨਕੋਟ, 1 ਜੁਲਾਈ
ਪਿਛਲੇ ਮਹੀਨੇ 21 ਜੂਨ ਨੂੰ ਇਥੇ ਰੇਲਵੇ ਰੋਡ ’ਤੇ 2 ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਦੇ ਮਾਮਲੇ ਵਿੱਚ ਪੁਲੀਸ ਨੇ 10 ਦਿਨ ਬਾਅਦ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਗੌਰਵ ਮਹਾਜਨ ਦੀ ਰੇਲਵੇ ਰੋਡ ਤੇ ਸਕੂਲ ਬੈਗਾਂ, ਆਰਮੀ ਸਟੋਰ ਅਤੇ ਤਿਰਪਾਲਾਂ ਦੀ ਦੁਕਾਨ ਸੀ। ਜਿਸ ਨੂੰ 21 ਜੂਨ ਨੂੰ ਅੱਗ ਲੱਗਣ ਨਾਲ ਉਸ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਗੌਰਵ ਮਹਾਜਨ ਨੇ ਦੋਸ਼ ਲਾਇਆ ਸੀ ਕਿ ਦੁਕਾਨ ਪਿੱਛੇ ਐੱਚਆਰਟੀਸੀ (ਹਿਮਾਚਲ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ) ਦੀ ਵਰਕਸ਼ਾਪ ’ਚ ਮੁਲਾਜ਼ਮਾਂ ਵੱਲੋਂ ਕੂੜਾ-ਕਰਕਟ ਨੂੰ ਅੱਗ ਲਾਉਣ ਨਾਲ ਉਸ ਦੀ ਦੁਕਾਨ ਦੀ ਪਿਛਲੀ ਦੀਵਾਰ ਵਿਚਲੇ ਸੁਰਾਖਾਂ ਰਾਹੀਂ ਅੱਗ ਲੱਗੀ ਸੀ। ਪੁਲੀਸ ਨੂੰ ਸ਼ਿਕਾਇਤ ’ਚ ਉਸ ਨੇ ਅੱਗ ਲਗਾਉਣ ਵਾਲੇ ਐੱਚਆਰਟੀਸੀ ਦੇ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ। ਥਾਣਾ ਮੁਖੀ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ’ਚ ਅਣਪਛਾਤੇ ਲੋਕਾਂ ਖ਼ਿਲਾਫ਼ ਧਾਰਾ 285 ਤਹਿਤ ਕੇਸ ਦਰਜ ਕੀਤਾ ਹੈ।