ਕੂਚ ਬਿਹਾਰ, 2 ਜੁਲਾਈ
ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਨੇ ਚੋਣਾਂ ਤੋਂ ਪਹਿਲਾਂ ਹਿੰਸਾ ਪ੍ਰਭਾਵਿਤ ਕੂਚਬਿਹਾਰ ਜ਼ਿਲ੍ਹੇ ਵਿੱਚ ਸਥਿਤੀ ਦਾ ਜਾਇਜ਼ਾ ਲਿਆ ਜਿੱਥੇ ਰਾਤ ਭਰ ਫਿਰ ਝੜਪਾਂ ਹੋਈਆਂ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਦਿਨਹਾਟਾ ਇਲਾਕੇ ’ਚ ਸ਼ਨਿਚਰਵਾਰ ਰਾਤ ਨੂੰ ਹੋਈ ਝੜਪ ’ਚ ਪੰਜ ਲੋਕ ਜ਼ਖਮੀ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਬੋਸ ਨੇ ਕੂਚ ਬਿਹਾਰ ਸਰਕਟ ਹਾਊਸ ਤੋਂ ਰਾਤ ਭਰ ਸਥਿਤੀ ’ਤੇ ਨਜ਼ਰ ਰੱਖੀ ਜਿੱਥੇ ਉਹ ਠਹਿਰੇ ਹੋਏ ਹਨ ਅਤੇ ਰਾਜ ਚੋਣ ਕਮਿਸ਼ਨਰ ਰਾਜੀਵ ਸਿਨਹਾ, ਪੁਲੀਸ ਸੁਪਰਡੈਂਟ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਨਿਰਦੇਸ਼ ਦਿੱਤੇ। ਰਾਜ ਭਵਨ ਦੇ ਇਕ ਸੀਨੀਅਰ ਅਧਿਕਾਰੀ ਨੇ ਫ਼ੋਨ ’ਤੇ ਦੱਸਿਆ, ‘‘ਰਾਜਪਾਲ ਨੇ ਅੱਜ ਸਵੇਰੇ ਹਸਪਤਾਲ ਦਾ ਦੌਰਾ ਕੀਤਾ ਜਿੱਥੇ ਪੰਜ ਜ਼ਖ਼ਮੀ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਹ ਉਸ ਥਾਂ ਦਾ ਵੀ ਦੌਰਾ ਕਰ ਸਕਦੇ ਹਨ ਜਿੱਥੇ ਝੜਪ ਹੋਈ ਸੀ।’’ ਅਧਿਕਾਰੀ ਮੁਤਾਬਕ ਰਾਜਪਾਲ ਨੇ ਹਸਪਤਾਲ ’ਚ ਜ਼ਖਮੀਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ।