ਖੇਤਰੀ ਪ੍ਰਤੀਨਿਧ
ਬਰਨਾਲਾ, 2 ਜੁਲਾਈ
ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ, ਮਹਿੰਦਰ ਸਿੰਘ ਰਾਹੀ, ਡਾ. ਹਰਿਭਗਵਾਨ, ਸਿਮਰਜੀਤ ਕੌਰ ਬਰਾੜ, ਡਾ. ਸੰਪੂਰਨ ਸਿੰਘ ਟੱਲੇਵਾਲੀਆ ਅਤੇ ਸਕੂਲ ਪ੍ਰਿੰਸੀਪਲ ਡਾ. ਹਰੀਸ਼ ਬਾਂਸਲ ਸ਼ਾਮਲ ਸਨ। ਇਸ ਸਮਾਗਮ ਦੋ ਸਾਹਿਤਕ ਸ਼ਖਸੀਅਤਾਂ ਬੂਟਾ ਸਿੰਘ ਚੌਹਾਨ ਦੇ ਸਾਹਿਤ ਅਕਾਦਮੀ ਦੀ ਅਗਜ਼ੈਕਟਿਵ ਕਮੇਟੀ ਦੇ ਮੈਂਬਰ ਬਣਨ ਦੀ ਖ਼ੁਸ਼ੀ ਵਿੱਚ ਅਤੇ ਸਾਹਿਤਕਾਰਾ ਸਿਮਰਜੀਤ ਕੌਰ ਬਰਾੜ ਦਾ ਸਭਾ ਦੇ ਸੰਵਿਧਾਨ ਨੂੰ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕਰਨ ਦੇ ਕਾਰਜ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਭਾ ਦਾ ਅਨੁਵਾਦਿਤ ਅਤੇ ਸੋਧਿਆ ਹੋਇਆ ਸੰਵਿਧਾਨ ਵੀ ਰਿਲੀਜ਼ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਭਾ ਦੇ ਜਨਰਲ ਸਕੱਤਰ ਮਾਲਵਿੰਦਰ ਸ਼ਾਇਰ ਨੇ ਬਾਖ਼ੂਬੀ ਨਿਭਾਈ। ਕਵਿੱਤਰੀ ਨਰਿੰਦਰ ਕੌਰ ਅਤੇ ਸਭਾ ਦੇ ਖ਼ਜ਼ਾਨਚੀ ਰਾਮ ਸਰੂਪ ਸ਼ਰਮਾ ਨੇ ਕ੍ਰਮਵਾਰ ਸਿਮਰਜੀਤ ਕੌਰ ਬਰਾੜ ਅਤੇ ਬੂਟਾ ਸਿੰਘ ਚੌਹਾਨ ਦਾ ਸਨਮਾਨ ਪੱਤਰ ਪੜ੍ਹਿਆ। ਉਪਰੰਤ ਕਵੀ ਦਰਬਾਰ ਵਿੱਚ ਡਾ. ਰਾਮਪਾਲ ਸ਼ਾਹਪੁਰੀ, ਡਾ. ਅਨਿਲ ਸ਼ੋਰੀ, ਰਘਵੀਰ ਸਿੰਘ ਗਿੱਲ ਕੱਟੂ ਤੇ ਸੁਦਰਸ਼ਨ ਗੁੱਡੂ ਆਦਿ ਕਵੀਆਂ ਕਲਾਮ ਪੇਸ਼ ਕੀਤੇ।