ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੁਲਾਈ
ਲੋਕ ਨਿਰਮਾਣ ਵਿਭਾਗ ਨੇ ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਚੌਕ ’ਤੇ ਪੁਲ ਵਾਸਤੇ ਰਸਤਾ ਬਣਾਉਣ ਲਈ ਅੱਜ ਸਵੇਰੇ ਇੱਕ ਮੰਦਰ ਅਤੇ ਮਜ਼ਾਰ ਢਾਹ ਦਿੱਤੀ। ਇਸ ਦੌਰਾਨ ਵੱਡੀ ਗਿਣਤੀ ਪੁਲੀਸ ਤਾਇਨਾਤ ਸੀ। ਪੁਲੀਸ ਨੇ ਦੱਸਿਆ ਕਿ ਇਹ ਦੋਵੇਂ ਇਮਾਰਤਾਂ ਢਾਹੁਣ ਦਾ ਫੈਸਲਾ ਕੁਝ ਦਿਨ ਪਹਿਲਾਂ ਇਕ ‘ਧਾਰਮਿਕ ਕਮੇਟੀ’ ਦੀ ਮੀਟਿੰਗ ਵਿੱਚ ਲਿਆ ਗਿਆ ਸੀ। ਉੱਤਰ-ਪੂਰਬੀ ਦਿੱਲੀ ਦੇ ਡੀਸੀਪੀ ਜੌਏ ਟਿਰਕੀ ਨੇ ਕਿਹਾ, ‘‘ਸਭ ਕੁਝ ਸ਼ਾਂਤੀਪੂਰਨ ਹੋ ਗਿਆ ਹੈ।’’ ਟਿਰਕੀ ਨੇ ਦੱਸਿਆ ਕਿ ਭਜਨਪੁਰਾ ਚੌਕ ’ਤੇ ਸੜਕ ਦੇ ਇੱਕ ਪਾਸੇ ਹਨੂਮਾਨ ਮੰਦਰ ਸੀ ਅਤੇ ਦੂਜੇ ਪਾਸੇ ਮਜ਼ਾਰ ਬਣੀ ਹੋਈ ਸੀ। ਦੋਵਾਂ ਧਾਰਮਿਕ ਸਥਾਨਾਂ ਨੂੰ ਸਹਾਰਨਪੁਰ ਫਲਾਈਓਵਰ ਲਈ ਸੜਕ ਚੌੜੀ ਕਰਨ ਵਾਸਤੇ ਢਾਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਯੋਜਨਾ ਕੁਝ ਦਿਨ ਪਹਿਲਾਂ ਬਣਾਈ ਗਈ ਸੀ ਪਰ ਸਥਾਨਕ ਆਗੂਆਂ ਨੇ ਪ੍ਰਸ਼ਾਸਨ ਤੋਂ ਤਿਆਰੀ ਅਤੇ ਲੋੜੀਂਦੇ ਪ੍ਰਬੰਧਾਂ ਲਈ ਕੁਝ ਸਮਾਂ ਮੰਗਿਆ ਸੀ। ਡੀਸੀਪੀ ਨੇ ਕਿਹਾ, “ਅੱਜ (ਐਤਵਾਰ) ਅਸੀਂ ਸਾਰਿਆਂ ਨਾਲ ਗੱਲਬਾਤ ਕੀਤੀ ਅਤੇ ਮਗਰੋਂ ਸਾਰਿਆਂ ਦੇ ਸਹਿਯੋਗ ਨਾਲ ਇਨ੍ਹਾਂ ਨੂੰ ਢਾਹ ਦਿੱਤਾ ਗਿਆ। ਧਾਰਮਿਕ ਸਥਾਨ ਢਾਹੁਣ ਤੋਂ ਪਹਿਲਾਂ ਕੁਝ ਸ਼ਰਧਾਲੂਆਂ ਨੇ ਪੂਜਾ ਵੀ ਕੀਤੀ। ਪੁਲੀਸ ਮੁਤਾਬਕ ਪੀਡਬਲਿਊਡੀ ਦੀ ਮਦਦ ਲਈ ਵੱਡੀ ਗਿਣਤੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਉੱਤਰ-ਪੂਰਬੀ ਦਿੱਲੀ ਨੂੰ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। 2020 ਵਿੱਚ ਇਸ ਖੇਤਰ ’ਚ ਦੰਗੇ ਹੋਏ ਸਨ, ਜਿਸ ਵਿੱਚ 53 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਆਤਿਸ਼ੀ ਨੇ ਉਪ ਰਾਜਪਾਲ ਨੂੰ ਧਾਰਮਿਕ ਸਥਾਨ ਨਾ ਢਾਹੁਣ ਦੀ ਮੁੜ ਕੀਤੀ ਅਪੀਲ
ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਨੇ ਧਾਰਮਿਕ ਸਥਾਨਾਂ ਨੂੰ ਤੋੜਨ ਬਾਰੇ ਟਵੀਟ ਕੀਤਾ। ਇਸ ਦੌਰਾਨ ਉਨ੍ਹਾਂ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਧਾਰਮਿਕ ਸਥਾਨ ਢਾਹੁਣ ਦੀ ਇਜਾਜ਼ਤ ਨਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਐਲਜੀ ਸਾਹਿਬ, ਮੈਂ ਤੁਹਾਨੂੰ ਕੁਝ ਦਿਨ ਪਹਿਲਾਂ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਤੁਸੀਂ ਦਿੱਲੀ ਵਿੱਚ ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਢਾਹੁਣ ਦਾ ਆਪਣਾ ਫੈਸਲਾ ਵਾਪਸ ਲੈ ਲਓ ਪਰ ਅੱਜ ਫਿਰ ਤੁਹਾਡੇ ਹੁਕਮਾਂ ’ਤੇ ਭਜਨਪੁਰਾ ਵਿੱਚ ਇਕ ਮੰਦਰ ਢਾਹ ਦਿੱਤਾ ਗਿਆ।’’ ਮੰਤਰੀ ਨੇ ਕਿਹਾ, ‘‘ਮੈਂ ਤੁਹਾਨੂੰ ਦੁਬਾਰਾ ਬੇਨਤੀ ਕਰਦਾ ਹਾਂ ਕਿ ਦਿੱਲੀ ਦੇ ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਨਾ ਢਾਹਿਆ ਜਾਵੇ। ਇਨ੍ਹਾਂ ਨਾਲ ਲੋਕਾਂ ਦਾ ਭਾਵਨਾਵਾਂ ਜੁੜੀਆਂ ਹੋਈਆਂ ਹਨ।’’
‘ਆਪ’ ਵੱਲੋਂ ਮੰਦਰ ਤੇ ਮਜ਼ਾਰ ਢਾਹੇ ਜਾਣ ਦਾ ਵਿਰੋਧ
ਨਵੀਂ ਦਿੱਲੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਨੇ ਉਪ ਰਾਜਪਾਲ ਵੀਕੇ ਸਕਸੈਨਾ ਦੇ ਹੁਕਮਾਂ ’ਤੇ ਦਿੱਲੀ ਦੇ ਭਜਨਪੁਰਾ ਇਲਾਕੇ ਵਿੱਚ ਮੰਦਰ ਅਤੇ ਮਜ਼ਾਰ ਢਾਹੇ ਜਾਣ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ‘ਆਪ’ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਦੀਪ ਕੁਮਾਰ ਨੇ ਕਿਹਾ ਕਿ ਉਪ ਰਾਜਪਾਲ ਭਾਜਪਾ ਦੇ ਇਸ਼ਾਰੇ ’ਤੇ ਦਿੱਲੀ ’ਚ ਪੁਰਾਤਨ ਮੰਦਰ ਢਾਹੁਣ ਦੀ ਇਜਾਜ਼ਤ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਦਿੱਲੀ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਆਦਤ ਹੈ। ਐੱਲਜੀ ਦਿੱਲੀ ਦੇ ਲੋਕਾਂ ਦੇ ਵਿਸ਼ਵਾਸ ਨਾਲ ਖਿਲਵਾੜ ਕਰ ਰਹੇ ਹਨ।