* ਅਜੀਤ ਪਵਾਰ ਅਤੇ ਅੱਠ ਵਿਧਾਇਕਾਂ ਦੀ ਬਗ਼ਾਵਤ ਨੂੰ ਹੱਲਾਸ਼ੇਰੀ ਦੇਣਾ ਪਿਆ ਮਹਿੰਗਾ
* ਧੀ ਸੁਪ੍ਰਿਆ ਸੂਲੇ ਨੇ ਵੀ ਦੋਵੇਂ ਆਗੂਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਸੀ ਮੰਗ
* ‘ਬਗ਼ਾਵਤ ਲਈ ਕਦੇ ਵੀ ਨਹੀਂ ਦਿੱਤਾ ਆਸ਼ੀਰਵਾਦ’
ਸਤਾਰਾ, 3 ਜੁਲਾਈ
ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਕਾਰਜਕਾਰੀ ਪ੍ਰਧਾਨ ਪ੍ਰਫੁਲ ਪਟੇਲ ਅਤੇ ਲੋਕ ਸਭਾ ਮੈਂਬਰ ਸੁਨੀਲ ਤਤਕਰੇ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਬਾਹਰ ਕੱਢ ਦਿੱਤਾ ਹੈ। ਦੋਵੇਂ ਆਗੂਆਂ ਨੇ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਵੱਲੋਂ ਕੀਤੀ ਗਈ ਬਗ਼ਾਵਤ ’ਚ ਉਸ ਦਾ ਸਾਥ ਦਿੱਤਾ ਹੈ। ਸ਼ਰਦ ਪਵਾਰ ਤੋਂ ਜਦੋਂ ਪੁੱਛਿਆ ਗਿਆ ਕਿ ਅਜੀਤ ਪਵਾਰ, ਜੋ ਹੁਣ ਸ਼ਿੰਦੇ ਦੀ ਅਗਵਾਈ ਹੇਠਲੀ ਸਰਕਾਰ ’ਚ ਉਪ ਮੁੱਖ ਮੰਤਰੀ ਹੈ, ਵੱਲੋਂ ਕੀਤੀ ਗਈ ਬਗ਼ਾਵਤ ਨੂੰ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਸੀ ਤਾਂ ਉਨ੍ਹਾਂ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਸ਼ਰਦ ਪਵਾਰ ਦੀ ਧੀ ਅਤੇ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੁਪ੍ਰਿਆ ਸੂਲੇ ਨੇ ਦੋਵੇਂ ਆਗੂਆਂ ਖ਼ਿਲਾਫ਼ ਕਾਰਵਾਈ ਕਰਨ ਲਈ ਪੱਤਰ ਲਿਖਿਆ ਸੀ। ਉਨ੍ਹਾਂ ਕਿਹਾ ਕਿ ਤਤਕਰੇ ਦੀ ਧੀ ਅਦਿੱਤੀ ਤਤਕਰੇ ਨੇ ਐਤਵਾਰ ਨੂੰ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਤਾਂ ਦੋਵੇਂ ਆਗੂ ਉਥੇ ਹਾਜ਼ਰ ਸਨ।
ਸਾਬਕਾ ਕੇਂਦਰੀ ਮੰਤਰੀ ਸ਼ਰਦ ਪਵਾਰ ਨੇ ਟਵੀਟ ਕਰਕੇ ਕਿਹਾ,‘‘ਮੈਂ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਵਜੋਂ ਸੁਨੀਲ ਤਤਕਰੇ ਅਤੇ ਪ੍ਰਫੁਲ ਪਟੇਲ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਐੱਨਸੀਪੀ ਪਾਰਟੀ ਦੇ ਮੈਂਬਰਾਂ ਦੇ ਰਜਿਸਟਰ ’ਚੋਂ ਉਨ੍ਹਾਂ ਦੇ ਨਾਮ ਹਟਾਉਣ ਦਾ ਹੁਕਮ ਦਿੰਦਾ ਹਾਂ।’’ ਉਨ੍ਹਾਂ ਆਪਣਾ ਟਵੀਟ ਪਟੇਲ ਅਤੇ ਤਤਕਰੇ ਨੂੰ ਵੀ ਟੈਗ ਕੀਤਾ ਹੈ। ਬਾਅਦ ’ਚ ਐੱਨਸੀਪੀ ਸੁਪਰੀਮੋ ਨੇ ਦੋਹਾਂ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਗ਼ਾਵਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਉਣ ਲਈ ਕਾਫੀ ਹੈ।
ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਰਦ ਪਵਾਰ ਨੇ ਕਿਹਾ ਕਿ ਉਨ੍ਹਾਂ ਪਾਰਟੀ ਵਰਕਰਾਂ ਦੇ ਹੌਸਲੇ ਬੁਲੰਦ ਰੱਖਣ ਅਤੇ ਐੱਨਸੀਪੀ ਨੂੰ ਮਜ਼ਬੂਤ ਕਰਨ ਲਈ ਸੂਬਾ ਪੱਧਰੀ ਦੌਰੇ ਦੀ ਸ਼ੁਰੂਆਤ ਕੀਤੀ ਹੈ। ਸ੍ਰੀ ਪਵਾਰ ਤੋਂ ਜਦੋਂ ਪੁੱਛਿਆ ਗਿਆ ਕਿ ਅਜੀਤ ਪਵਾਰ ਦੀ ਬਗ਼ਾਵਤ ਨੂੰ ਉਨ੍ਹਾਂ ਦਾ ਆਸ਼ੀਰਵਾਦ ਹਾਸਲ ਸੀ ਤਾਂ ਐੱਨਸੀਪੀ ਮੁਖੀ ਨੇ ਕਿਹਾ,‘‘ਇਹ ਆਖਣਾ ਸਭ ਤੋਂ ਘਟੀਆ ਗੱਲ ਹੈ। ਜਿਹੜੇ ਸੌੜੀ ਅਤੇ ਘਟੀਆ ਸੋਚ ਰਖਦੇ ਹਨ, ਉਹ ਹੀ ਅਜਿਹੀ ਗੱਲ ਆਖ ਸਕਦੇ ਹਨ। ਮੈਂ ਪਾਰਟੀ ਕਾਡਰ ਨੂੰ ਇਕਜੁੱਟ ਕਰਨ ਲਈ ਸੂਬੇ ਦਾ ਦੌਰਾ ਕਰਾਂਗਾ। ਪਾਰਟੀ ਵਰਕਰ ਕੁਝ ਆਗੂਆਂ ਦੇ ਕਾਰੇ ਤੋਂ ਗੁਮਰਾਹ ਨਾ ਹੋਣ।’’ ਐੱਨਸੀਪੀ ਦੇ ਸੂਬਾ ਪ੍ਰਧਾਨ ਜਯੰਤ ਪਾਟਿਲ ਵੱਲੋਂ ਅਜੀਤ ਪਵਾਰ ਅਤੇ ਅੱਠ ਹੋਰ ਪਾਰਟੀ ਆਗੂਆਂ ਨੂੰ ਅਯੋਗ ਠਹਿਰਾਉਣ ਲਈ ਸਪੀਕਰ ਨੂੰ ਪਟੀਸ਼ਨ ਦੇਣ ਬਾਰੇ ਪੁੱਛੇ ਜਾਣ ’ਤੇ ਸ਼ਰਦ ਪਵਾਰ ਨੇ ਕਿਹਾ ਕਿ ਇਸ ਬਾਰੇ ਉਹ ਬਹੁਤਾ ਕੁਝ ਨਹੀਂ ਜਾਣਦੇ ਹਨ ਪਰ ਪਾਟਿਲ ਨੇਮਾਂ ਮੁਤਾਬਕ ਹੀ ਕੰਮ ਕਰਨ ਵਜੋਂ ਜਾਣੇ ਜਾਂਦੇ ਹਨ। ‘ਮੈਂ ਅਯੋਗ ਠਹਿਰਾਉਣ ਜਾਂ ਨਾ ਠਹਿਰਾਉਣ ਦੀ ਲੋੜ ਬਾਰੇ ਕੋਈ ਫ਼ੈਸਲਾ ਨਹੀਂ ਲਵਾਂਗਾ। ਇਸ ਦਾ ਫ਼ੈਸਲਾ ਜਯੰਤ ਪਾਟਿਲ ਅਤੇ ਹੋਰ ਸਾਥੀ ਲੈਣਗੇ। ਇਹ ਉਨ੍ਹਾਂ ਦੇ ਅਧਿਕਾਰ ਖੇਤਰ ਦਾ ਮਾਮਲਾ ਹੈ। ਇਕ ਗੱਲ ਸਪੱਸ਼ਟ ਹੈ ਕਿ ਜੋ ਕੁਝ ਅਜੀਤ ਪਵਾਰ ਅਤੇ ਅੱਠ ਵਿਧਾਇਕਾਂ ਨੇ ਕੀਤਾ ਹੈ, ਉਹ ਸਹੀ ਨਹੀਂ ਹੈ ਪਰ ਮੈਂ ਕਿਸੇ ਖ਼ਿਲਾਫ਼ ਕਿੜ ਰੱਖ ਕੇ ਸਿਆਸਤ ਨਹੀਂ ਕਰਦਾ ਹਾਂ।’ ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ’ਚ ਕਾਂਗਰਸ ਦੇ 45 ਵਿਧਾਇਕ ਹੋਣ ਕਾਰਨ ਹੁਣ ਉਹ ਸਭ ਤੋਂ ਵੱਡੀ ਵਿਰੋਧੀ ਧਿਰ ਬਣ ਗਈ ਹੈ ਜਿਸ ਕਾਰਨ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ’ਤੇ ਉਨ੍ਹਾਂ ਦਾ ਦਾਅਵਾ ਜਾਇਜ਼ ਹੈ। ਕਾਂਗਰਸ ਆਗੂ ਵਿਜੈ ਵੱਡੇਤੀਵਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਵਿਰੋਧੀ ਧਿਰ ਦੇ ਅਹੁਦੇ ’ਤੇ ਦਾਅਵਾ ਪੇਸ਼ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਆਗੂ ਅਜੀਤ ਪਵਾਰ ਨੇ ਪਾਰਟੀ ਮੁਖੀ ਸ਼ਰਦ ਪਵਾਰ ਨੂੰ ਵੱਡਾ ਝਟਕਾ ਦਿੰਦਿਆਂ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸਰਕਾਰ ’ਚ ਸ਼ਾਮਲ ਹੋ ਕੇ ਸੂਬੇ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਸੀ। ਉਨ੍ਹਾਂ ਤੋਂ ਇਲਾਵਾ ਐੱਨਸੀਪੀ ਆਗੂ ਛਗਨ ਭੁਜਬਲ, ਦਿਲੀਪ ਵਾਲਸੇ ਪਾਟਿਲ, ਹਸਨ ਮੁਸ਼ਰਿਫ, ਧਨੰਜੈ ਮੁੰਡੇ, ਆਦਿਤੀ ਤਾਤਕਰੇ, ਧਰਮਰਾਓ ਆਤਰਮ, ਅਨਿਲ ਪਾਟਿਲ ਤੇ ਸੰਜੈ ਬੰਸੋੜ ਨੇ ਮੰਤਰੀਆਂ ਵਜੋਂ ਸਹੁੰ ਚੁੱਕੀ ਸੀ। -ਪੀਟੀਆਈ
ਪਟੇਲ ਨੇ ਤਤਕਰੇ ਨੂੰ ਐੱਨਸੀਪੀ ਦੀ ਮਹਾਰਾਸ਼ਟਰ ਇਕਾਈ ਦਾ ਮੁਖੀ ਲਾਇਆ
ਮੁੰਬਈ: ਐੱਨਸੀਪੀ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਤੁਰੰਤ ਬਾਅਦ ਪ੍ਰਫੁਲ ਪਟੇਲ ਨੇ ਅੱਜ ਸ਼ਾਮ ਜਯੰਤ ਪਾਟਿਲ ਦੀ ਥਾਂ ’ਤੇ ਲੋਕ ਸਭਾ ਮੈਂਬਰ ਸੁਨੀਲ ਤਤਕਰੇ ਨੂੰ ਪਾਰਟੀ ਦੀ ਸੂਬਾ ਇਕਾਈ ਦਾ ਮੁਖੀ ਲਾਉਣ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਪਾਰਟੀ ਵਿਧਾਇਕ ਦਲ ਦਾ ਆਗੂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ,‘ਅੱਜ ਗੁਰੂ ਪੂਰਨਿਮਾ ਹੈ; ਅਸੀਂ ਸਾਰੇ ਕਾਮਨਾ ਕਰਦੇ ਹਾਂ ਕਿ ਸ਼ਰਦ ਪਵਾਰ ਸਾਨੂੰ ਆਸ਼ੀਰਵਾਦ ਦਿੰਦੇ ਰਹਿਣਗੇ।’ ਅਜੀਤ ਪਵਾਰ ਨੇ ਕਿਹਾ ਕਿ ਉਨ੍ਹਾਂ ਸ਼ਿੰਦੇ ਸਰਕਾਰ ’ਚ ਸ਼ਾਮਲ ਹੋ ਕੇ ਸ਼ਰਦ ਪਵਾਰ ਨੂੰ ‘ਗਰੂ ਦਕਸ਼ਣਾ’ ਦਿੱਤੀ ਹੈ। ਇਸ ਦੌਰਾਨ ਪ੍ਰਫੁਲ ਪਟੇਲ ਨੇ ਇੱਥੇ ਪ੍ਰੈੱਸ ਕਾਨਫਰੰਸ ਮੌਕੇ ਕਿਹਾ ਕਿ ਉਨ੍ਹਾਂ ਪਾਟਿਲ ਨੂੰ ਇਹ ਅਹੁਦਾ ਤਤਕਰੇ ਨੂੰ ਸੌਂਪਣ ਬਾਰੇ ਦੱਸ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੰਤਰੀ ਬਣਨ ਵਾਲੇ ਅਨਿਲ ਪਾਟਿਲ ਨੂੰ ਵਿਧਾਨ ਸਭਾ ’ਚ ਐੱਨਸੀਪੀ ਦਾ ਵ੍ਹਿਪ ਲਾਇਆ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਹਾਜ਼ਰ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ਉਨ੍ਹਾਂ ਕੋਲ ਜ਼ਿਆਦਾ ਤੋਂ ਜ਼ਿਆਦਾ ਐੱਨਸੀਪੀ ਵਿਧਾਇਕਾਂ ਦੀ ਹਮਾਇਤ ਹਾਸਲ ਹੈ ਅਤੇ ਉਨ੍ਹਾਂ ਵਿਧਾਨ ਸਭਾ ਸਪੀਕਰ ਨੂੰ ਪਾਰਟੀ ਵਿਧਾਇਕਾਂ ਜਯੰਤ ਪਾਟਿਲ ਤੇ ਜਿਤੇਂਦਰ ਅਵਹਦ ਨੂੰ ਅਯੋਗ ਠਹਿਰਾਉਣ ਲਈ ਪੱਤਰ ਲਿਖਿਆ ਹੈ। ਅਜੀਤ ਪਵਾਰ ਨੇ ਕਿਹਾ ਕਿ ਪਾਰਟੀ ਅਤੇ ਉਸ ਦਾ ਚੋਣ ਨਿਸ਼ਾਨ (ਘੜੀ) ਉਨ੍ਹਾਂ ਕੋਲ ਹੀ ਹੈ। ਜਦੋਂ ਐੱਨਸੀਪੀ ਦੇ ਕੌਮੀ ਮੁਖੀ ਬਾਰੇ ਸਵਾਲ ਪੁੱਛਿਆ ਗਿਆ ਤਾਂ ਅਜੀਤ ਪਵਾਰ ਨੇ ਕਿਹਾ ਕਿ ਉਹ ਤਾਂ ਸ਼ਰਦ ਪਵਾਰ ਹੀ ਹਨ। ‘ਕੀ ਤੁਸੀਂ ਭੁੱਲ ਗਏ ਹੋ।’ ਉਨ੍ਹਾਂ ਕਿਹਾ ਕਿ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਬਾਰੇ ਫ਼ੈਸਲਾ ਸਪੀਕਰ ਨੇ ਲੈਣਾ ਹੁੰਦਾ ਹੈ। -ਪੀਟੀਆਈ
ਐੱਨਸੀਪੀ ਨੇ ਅਜੀਤ ਪਵਾਰ ਅਤੇ 8 ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਕਾਰਵਾਈ ਆਰੰਭੀ
ਮੁੰਬਈ: ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਨੇ ਸ਼ਿੰਦੇ ਸਰਕਾਰ ’ਚ ਮੰਤਰੀ ਵਜੋਂ ਹਲਫ਼ ਲੈਣ ਵਾਲੇ ਅਜੀਤ ਪਵਾਰ ਅਤੇ 8 ਹੋਰ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਲਈ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਕੋਲ ਅਰਜ਼ੀ ਦਾਖ਼ਲ ਕੀਤੀ ਹੈ। ਸੂਤਰਾਂ ਮੁਤਾਬਕ ਜਿਤੇਂਦਰ ਅਵਹਦ, ਜਿਸ ਨੂੰ ਅਜੀਤ ਪਵਾਰ ਦੇ ਹੁਕਮਰਾਨ ਗੱਠਜੋੜ ’ਚ ਸ਼ਾਮਲ ਹੋਣ ’ਤੇ ਐੱਨਸੀਪੀ ਨੇ ਮਹਾਰਾਸ਼ਟਰ ਵਿਧਾਨ ਸਭਾ ’ਚ ਵਿਰੋਧੀ ਧਿਰ ਦਾ ਆਗੂ ਨਿਯੁਕਤ ਕੀਤਾ ਹੈ, ਨੇ ਐਤਵਾਰ ਦੇਰ ਰਾਤ ਨਾਰਵੇਕਰ ਦੀ ਰਿਹਾਇਸ਼ ’ਤੇ ਇਹ ਅਰਜ਼ੀ ਦਿੱਤੀ। ਸਪੀਕਰ ਦੇ ਦਫ਼ਤਰ ਨੇ ਪਟੀਸ਼ਨ ਮਿਲਣ ਦੀ ਤਸਦੀਕ ਕੀਤੀ ਹੈ। ਸ਼ਰਦ ਪਵਾਰ ਦੀ ਅਗਵਾਈ ਹੇਠਲੀ ਪਾਰਟੀ ਨੇ ਅੱਜ 9 ਵਿਧਾਇਕਾਂ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਕਿਸੇ ਮੰਚ ’ਤੇ ਗੁਮਰਾਹਕੁਨ ਪ੍ਰਚਾਰ ਤੋਂ ਗੁਰੇਜ਼ ਕਰਨ ਕਿ ਉਹ ਐੱਨਸੀਪੀ ਨਾਲ ਜੁੜੇ ਨਹੀਂ ਹੋਏ ਹਨ। ਪ੍ਰਦੇਸ਼ ਇਕਾਈ ਮੁਖੀ ਜਯੰਤ ਪਾਟਿਲ ਨੇ ਪੱਤਰ ਜਾਰੀ ਕਰਦਿਆਂ ਕਿਹਾ ਕਿ ਇਹ ਗ਼ੈਰਕਾਨੂੰਨੀ ਹੋਵੇਗਾ। ਪੱਤਰ ’ਚ ਇਹ ਵੀ ਕਿਹਾ ਗਿਆ ਹੈ ਕਿ ਪਾਰਟੀ ਨੇ ਸੰਵਿਧਾਨ ਦੀ 10ਵੀਂ ਸੂਚੀ ਤਹਿਤ ਇਨ੍ਹਾਂ ਵਿਧਾਇਕਾਂ ਨੂੰ ਮਹਾਰਾਸ਼ਟਰ ਵਿਧਾਨ ਸਭਾ ’ਚੋਂ ਅਯੋਗ ਠਹਿਰਾਉਣ ਲਈ ਢੁੱਕਵੀਂ ਕਾਰਵਾਈ ਆਰੰਭ ਦਿੱਤੀ ਹੈ। ਐੱਨਸੀਪੀ ਦੀ ਅਨੁਸ਼ਾਸਨੀ ਕਮੇਟੀ ਨੇ 9 ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦਾ ਮਤਾ ਪਾਸ ਕੀਤਾ ਸੀ ਅਤੇ ਕਮੇਟੀ ਮੁਖੀ ਜੈਪ੍ਰਕਾਸ਼ ਡਾਂਡੇਗਾਓਂਕਰ ਨੇ ਰਿਪੋਰਟ ਸ਼ਰਦ ਪਵਾਰ ਨੂੰ ਸੌਂਪ ਦਿੱਤੀ ਹੈ। ਮਤੇ ’ਚ ਕਿਹਾ ਗਿਆ ਹੈ ਕਿ ਨੌਂ ਵਿਧਾਇਕਾਂ ਖ਼ਿਲਾਫ਼ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅਜਿਹੀ ਦਲ-ਬਦਲੀ ਨਾ ਸਿਰਫ਼ ਪਾਰਟੀ ਲਈ ਨੁਕਸਾਨਦੇਹ ਹੈ ਸਗੋਂ ਜੇਕਰ ਉਨ੍ਹਾਂ ਨੂੰ ਮੈਂਬਰ ਬਣੇ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਉਹ ਪਾਰਟੀ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿਣਗੇ। ਮਤੇ ਮੁਤਾਬਕ ਦਲ-ਬਦਲੀ ਪਾਰਟੀ ਪ੍ਰਧਾਨ ਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਿਨਾਂ ਗੁਪਤ ਢੰਗ ਨਾਲ ਕੀਤੀ ਗਈ ਹੈ ਅਤੇ ਇਹ ਪਾਰਟੀ ਨੂੰ ਛੱਡਣ ਦੇ ਬਰਾਬਰ ਹੈ, ਜੋ ਬਦਲੇ ਵਿੱਚ ਅਯੋਗਤਾ ਨੂੰ ਸੱਦਾ ਦਿੰਦੀ ਹੈ। ਮਹਾਰਾਸ਼ਟਰ ਐੱਨਸੀਪੀ ਦੇ ਪ੍ਰਧਾਨ ਜਯੰਤ ਪਾਟਿਲ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਅਜੀਤ ਪਵਾਰ ਅਤੇ ਅੱਠ ਹੋਰਾਂ ਖ਼ਲਾਫ਼ ਅਯੋਗਤਾ ਦੀ ਪਟੀਸ਼ਨ ਦਾਇਰ ਕੀਤੀ ਹੈ। ਉਸ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੂੰ ਵੀ ਇੱਕ ਈ-ਮੇਲ ਭੇਜੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਪਾਰਟੀ ਅਤੇ ਬਹੁਮਤ ਐੱਨਸੀਪੀ ਪ੍ਰਧਾਨ ਸ਼ਰਦ ਪਵਾਰ ਨਾਲ ਹੈ। -ਪੀਟੀਆਈ