ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 3 ਜੁਲਾਈ
ਰਿਫਾਈਨਰੀ ਦਾ ਦੂਸ਼ਿਤ ਪਾਣੀ ਧਰਤੀ ਹੇਠਾਂ ਪਾਏ ਜਾਣ ਦਾ ਮਾਮਲਾ ਲਗਾਤਾਰ ਭਖ ਰਿਹਾ ਹੈ। ਬੀਕੇਯੂ ਏਕਤਾ (ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਅਰਜਨ ਸਿੰਘ ਖੇਲਾ, ਹਰਜੀਤ ਸਿੰਘ ਜਨੇਤਪੁਰਾ, ਬਚਿੱਤਰ ਸਿੰਘ ਆਦਿ ਕਿਸਾਨਾਂ ਆਗੂਆਂ ਦਾ ਵਫ਼ਦ ਅੱਜ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਨੂੰ ਮਿਲਿਆ। ਭਲਕੇ ਕਿਸਾਨ ਆਗੂਆਂ ਦਾ ਇਕ ਉੱਚ ਪੱਧਰੀ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲੇਗਾ ਅਤੇ ਰਿਫਾਈਨਰੀ ਦੇ ਦੂਸ਼ਿਤ ਪਾਣੀ ਕਾਰਨ ਧਰਤੀ ਹੇਠਲੇ ਗੰਧਲੇ ਹੋ ਰਹੇ ਪਾਣੀ ਅਤੇ ਨੇੜਲੇ ਖੇਤਾਂ ਦੀਆਂ ਮੋਟਰਾਂ ’ਚੋਂ ਨਿੱਕਲ ਰਹੇ ਦੂਸ਼ਿਤ ਪਾਣੀ ਦਾ ਮੁੱਦਾ ਚੁੱਕਿਆ ਜਾਵੇਗਾ। ਵਫ਼ਦ ’ਚ ਸ਼ਾਮਲ ਆਗੂਆਂ ਨੇ ਕਿਹਾ ਕਿ ਕਈ ਸਾਲਾਂ ਤੋਂ ਚੱਲ ਰਹੀ ਰਿਫਾਈਨਰੀ ਨੇੜਲੇ ਦਰਜਨ ਤੋਂ ਵੱਧ ਪਿੰਡਾਂ ਦੇ ਪਾਣੀ ਨੂੰ ਪ੍ਰਦੂਸ਼ਿਤ ਕਰ ਚੁੱਕੀ ਹੈ। ਪਿੰਡਾਂ ਦੇ ਲੋਕ ਕੈਂਸਰ ਸਮੇਤ ਹੋਰ ਬਿਮਾਰੀਆਂ ਨਾਲ ਪੀੜਤ ਹਨ। ਕਈ ਵਾਰ ਉੱਚ ਅਧਿਕਾਰੀਆਂ ਦੇ ਧਿਆਨ ’ਚ ਮਾਮਲਾ ਲਿਆਉਣ ਦੇ ਬਾਵਜੂਦ ਕਾਰਵਾਈ ਨਾ ਹੋਣ ’ਤੇ ਉਨ੍ਹਾਂ ਹੁਣ ਸੰਘਰਸ਼ ਦਾ ਰਾਹ ਫੜਿਆ ਹੈ। ਐੱਸਐੱਸਪੀ ਨੇ ਵਫ਼ਦ ਨੂੰ ਧਿਆਨ ਨਾਲ ਸੁਣਨ ਮਗਰੋਂ ਭਰੋਸਾ ਦਿੱਤਾ ਕਿ ਆਮ ਸਹਿਮਤੀ ਨਾਲ ਮਸਲੇ ਦਾ ਹੱਲ ਕਰਨ ਦਾ ਯਤਨ ਹੋਵੇਗਾ। ਕਿਸਾਨ ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇ ਪ੍ਰਦੂਸ਼ਿਤ ਪਾਣੀ ਵੱਡੇ ਰਿਟਰੀਟ ਪਲਾਂਟ ਲਾ ਕੇ ਪਾਣੀ ਨੂੰ ਪੀਣ ਯੋਗ ਨਾ ਬਣਾਇਆ ਤਾਂ ਰਿਫਾਈਨਰੀ ਬੰਦ ਕਰਵਾਉਣ ਲਈ ਪੱਕਾ ਮੋਰਚਾ ਲਾਇਆ ਜਾਵੇਗਾ। ਉਪਰੰਤ ਮੀਟਿੰਗ ’ਚ ਕਿਸਾਨ ਆਗੂਆਂ ਨੇ ਭਲਕੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਸਵੇਰੇ ਦਸ ਵਜੇ ਬੱਸ ਅੱਡੇ ਵਿਖੇ ਪਹੁੰਚਣ ਦੀ ਅਪੀਲ ਕੀਤੀ।