ਪੱਤਰ ਪ੍ਰੇਰਕ
ਬਠਿੰਡਾ/ਜੈਤੋ, 3 ਜੁਲਾਈ
ਪੀਐਸਪੀਸੀਐੱਲ ਅਤੇ ਪੀਐੱਸਟੀਸੀਐੱਲ ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਪਣੀਆਂ ਹੱਕੀ ਮੰਨਵਾਉਣ ਲਈ ਅੱਜ ਬਠਿੰਡਾ ਅਤੇ ਜੈਤੋ ਵਿੱਚ ਤਿੰਨ ਰੋਜ਼ਾ ‘ਟੂਲ ਡਾਊਨ’ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਹੜਤਾਲ 3, 4 ਤੇ 5 ਜੁਲਾਈ ਨੂੰ ਰੋਜ਼ਾਨਾ 2-2 ਘੰਟਿਆਂ ਲਈ ਹੋਵੇਗੀ। ਹੜਤਾਲੀ ਜਥੇਬੰਦੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਬਿਜਲੀ ਵਿਭਾਗ ’ਚ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਦੇ ਆਉਟਸੋਰਸਿੰਗ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਬਿਜਲੀ ਅਧਿਕਾਰੀਆਂ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਗਏ ਹਨ ਪਰ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਫ਼ੀਲਡ ’ਚ ਕੰਮ ਕਰਦੇ ਮੁਲਾਜ਼ਮਾਂ ਨੂੰ ਉਚਿਤ ਤਨਖਾਹ ਅਤੇ ਬਣਦੇ ਭੱਤੇ ਦਿੱਤੇ ਜਾਣ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਹ ਆਪਣੀਆਂ ਮੰਗਾਂ ਲੈ ਕੇ ਮੁੱਖ ਇੰਜਨੀਅਰ ਨੂੰ ਮਿਲਣ ਜਾਂਦੇ ਹਨ ਤਾਂ ਬਦਲਾਖੋਰੀ ਤਹਿਤ ਮਿਲਣ ਵਾਲੇ ਮੁਲਾਜ਼ਮਾਂ ’ਤੇ ਸਖਤਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਹਨ, ਜੋ ਕਿ ਨਾ-ਬਰਦਾਸ਼ਤ ਯੋਗ ਹੈ। ਉਨ੍ਹਾਂ ਕਿਹਾ ਕਿ 17 ਜੁਲਾਈ ਤੋਂ ਪਿੰਡਾਂ ਤੇ ਸ਼ਹਿਰਾਂ ’ਚ ਰੋਸ ਮਾਰਚ ਕਰਨ ਸਮੇਤ ਸੰਘਰਸ਼ ਨੂੰ ਵੱਡੇ ਪੱਧਰ ’ਤੇ ਉਲੀਕਣ ਲਈ ਵਿਉਂਤਬੰਦੀ ਕੀਤੀ ਜਾਏਗੀ। ਆਗੂਆਂ ਨੇ ਪਿਛਲੇ ਦਿਨੀਂ ਸੰਗਰੂਰ ਵਿਚ ਮੁਲਾਜ਼ਮਾਂ ਅਤੇ ਭੁੱਚੋ ਵਿਖੇ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕੀਤੀ। ਅੱਜ ਰੋਸ ਵਿਖਾਵਿਆਂ ਮੌਕੇ ਇਕਬਾਲ ਸਿੰਘ ਪੂਹਲਾ, ਗੁਰਵਿੰਦਰ ਪਨੂੰ, ਖੁਸ਼ਦੀਪ ਸਿੰਘ, ਕਰਮਜੀਤ ਦਿਉਣ, ਇਕਬਾਲ ਸਿੰਘ, ਸੰਦੀਪ ਕੁਮਾਰ ਅਤੇ ਗਗਨ ਨਥਾਣਾ ਨੇ ਸੰਬੋਧਨ ਕੀਤਾ।
ਦੋਦਾ (ਪੱਤਰ ਪ੍ਰੇਰਕ): ਪੀਐਸਪੀਸੀਐਲ ਅਤੇ ਪੀਐਸਟੀਸੀਐਲ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਹੱਕੀ ਅਤੇ ਵਾਜਬ ਮੰਗਾਂ ਲਈ ਬਿਜਲੀ ਦਫਤਰ ਦੋਦਾ ਅੱਗੇ ਹੜਤਾਲ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਪ ਮੰਡਲ ਪ੍ਰਧਾਨ ਕਰਮਜੀਤ ਸਿੰਘ ਦਿਉਣ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਵਿੱਚ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਦੇ ਆਉਟਸੋਰਸਡ ਮੁਲਾਜ਼ਮਾਂ ਵੱਲੋਂ ਪਰਿਵਾਰਾਂ ਸਮੇਤ ਸੰਘਰਸ਼ ਕਰਕੇ ਆਪਣੀਆਂ ਹੱਕੀ ਮੰਗਾਂ ਲਈ ਬਿਜਲੀ ਬੋਰਡ ਨਾਲ ਹੋਈ ਸਹਿਮਤੀ ਲਾਗੂ ਕਰਨ ਲਈ ਕਈ ਵਾਰ ਮੰਗ ਪੱਤਰ ਦਿੱਤੇ ਹਨ, ਪਰ ਉਚ ਅਧਿਕਾਰੀਆਂ ਵੱਲੋਂ ਕੋਈ ਸੁਣਵਾਈ ਨਹੀ ਕੀਤੀ ਗਈ। ਇਸੇ ਕਾਰਨ ਉਨ੍ਹਾਂ ਨੂੰ ਹੜਤਾਲ ਕਰਨੀ ਪਈ।