ਇਕਬਾਲ ਸਿੰਘ ਸ਼ਾਂਤ
ਲੰਬੀ, 3 ਜੁਲਾਈ
ਇੱਥੇ ਕੌਮੀ ਸ਼ਾਹ ਰਾਹ-9 ’ਤੇ ਪਿੰਡ ਖੁੱਡੀਆਂ ਨੇੜੇ ਇੱਕ ਟਿੱਪਰ ਦੀ ਟੱਕਰ ਕਾਰਨ ਵਾਪਰੇ ਹਾਦਸੇ ਵਿੱਚ ਕਾਰ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਹਾਦਸੇ ਵਿੱਚ ਮੌਤ ਦਾ ਸ਼ਿਕਾਰ ਬਣੀ ਔਰਤ ਨਵਦੀਪ ਕੌਰ ਲਗਪਗ ਸੱਤ ਮਹੀਨੇ ਦੀ ਗਰਭਵਤੀ ਸੀ। ਹਾਦਸੇ ਸਮੇਂ ਉਹ ਆਪਣੇ ਪਤੀ ਜਗਪ੍ਰੀਤ ਦੇ ਨਾਲ ਕਾਰ ’ਤੇ ਦਵਾਈ ਲੈਣ ਮਲੋਟ ਜਾ ਰਹੀ ਸੀ। ਇਸ ਜੋੜੇ ਦਾ ਕਰੀਬ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।
ਪਰਿਵਾਰ ਨੇ ਦੋਸ਼ ਲਾਇਆ ਕਿ ਹਾਦਸਾ ਟਿੱਪਰ ਚਾਲਕ ਵੱਲੋਂ ਲਾਪਰਵਾਹੀ ਨਾਲ ਬਿਨਾ ਇਸ਼ਾਰਾ ਕੀਤੇ ਅਤੇ ਬਿਨਾਂ ਅੱਗੇ-ਪਿੱਛੇ ਦੇਖਿਆਂ ਸੱਜੇ ਹੱਥ ਵੱਲ ਮੋੜਨ ਕਰਕੇ ਵਾਪਰਿਆ। ਕਾਲਾਂਵਾਲੀ ਖੇਤਰ ਦੇ ਘੁੱਕਿਆਂਵਾਲੀ ਦੇ ਵਸਨੀਕ ਪ੍ਰੇਮ ਚੰਦ ਨੇ ਦੱਸਿਆ ਕਿ ਕਰੀਬ 26 ਸਾਲਾ ਪੁੱਤਰ ਜਗਪ੍ਰੀਤ ਅਤੇ ਉਨ੍ਹਾਂ ਦੀ ਨੂੰਹ ਨਵਦੀਪ ਕੌਰ ਪਿੰਡ ਘੁੱਕਿਆਂਵਾਲੀ ਤੋਂ ਸਵਿਫ਼ਟ ਕਾਰ ਵਿੱਚ ਦਵਾਈ ਲੈਣ ਵਾਸਤੇ ਮਲੋਟ ਜਾ ਰਹੇ ਸਨ।
ਪ੍ਰੇਮ ਚੰਦ ਅਨੁਸਾਰ ਉਹ ਖੁਦ ਕੁੜਮ ਮਲਕੀਤ ਸਿੰਘ ਵਾਸੀ ਭਾਈਕੇਰਾ ਦੀ ਕਾਰ ’ਤੇ ਉਸ ਦੇ ਲੜਕੇ ਜਗਪ੍ਰੀਤ ਦੀ ਕਾਰ ਦੇ ਪਿੱਛੇ-ਪਿੱਛੇ ਆ ਰਹੇ ਸੀ। ਜਦੋਂ ਉਸ ਦਾ ਲੜਕਾ ਅਤੇ ਨੂੰਹ ਕਾਰ ਲੈ ਕੇ ਕੌਮੀ ਸ਼ਾਹ ਰਾਹ-9 ’ਤੇ ਖੁੱਡੀਆਂ-ਚੰਨੂ ਲਿੰਕ ਰੋਡ ਨੇੜੇ ਪੁੱਜੇ। ਉਸੇ ਦੌਰਾਨ ਕਾਰ ਦੇ ਅੱਗੇ ਇੱਕ ਟਿੱਪਰ (ਟਰਾਲਾ) ਦੇ ਅਣਪਛਾਤੇ ਚਾਲਕ ਨੇ ਬੜੀ ਤੇਜ ਰਫ਼ਤਾਰ ਅਤੇ ਲਾਪਰਵਾਹੀ ਨਾਲ ਬਿਨਾਂ ਇਸ਼ਾਰਾ ਕੀਤੇ ਅਤੇ ਬਿਨਾਂ ਅੱਗੇ ਪਿੱਛੇ ਦੇਖੇ ਆਪਣਾ ਟਿੱਪਰ (ਟਰਾਲਾ) ਇਕਦਮ ਆਪਣੇ ਸੱਜੇ ਹੱਥ ਮੋੜ ਦਿੱਤਾ। ਜਿਸਦੇ ਸਿੱਟੇ ਵਜੋਂ ਟਿੱਪਰ ਟਰਾਲਾ ਜਗਪ੍ਰੀਤ ਸਿੰਘ ਦੀ ਕਾਰ ਦੀ ਟਿੱਪਰ ਨਾਲ ਟੱਕਰ ਹੋ ਗਈ।
ਹਾਦਸੇ ਵਿੱਚ ਜਗਪ੍ਰੀਤ ਤੇ ਨਵਦੀਪ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਦੋਵਾਂ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋਵੇਂ ਪਤੀ-ਪਤਨੀ ਦੀ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਉਪਰੰਤ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਲੰਬੀ ਦੇ ਮੁਖੀ ਮਨਿੰਦਰ ਸਿੰਘ ਨੇ ਕਿਹਾ ਕਿ ਪ੍ਰੇਮ ਚੰਦ ਦੇ ਬਿਆਨਾਂ ’ਤੇ ਅਣਪਛਾਤੇ ਟਿੱਪਰ ਚਾਲਕ ਦੇ ਖਿਲਾਫ਼ ਧਾਰਾ 304-ਏ, 279 ਅਤੇ 427 ਤਹਿਤ ਮੁਕੱਦਮਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।