ਨਵੀਂ ਦਿੱਲੀ, 4 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੰਘਾਈ ਸਹਿਯੋਗ ਸੰਗਠਨ(ਐੱਸਸੀਓ) ਦੇ ਡਿਜੀਟਲ ਸਿਖਰ ਸੰਮੇਲਨ ਵਿੱਚ ਕਿਹਾ ਕਿ ਸੰਗਠਨ ਯੂਰੇਸ਼ੀਆ ’ਚ ਸ਼ਾਂਤੀ, ਖੁਸ਼ਹਾਲੀ, ਵਿਕਾਸ ਲਈ ਪ੍ਰਮੁੱਖ ਮੰਚ ਵਜੋਂ ਉਭਰਿਆ ਹੈ। ਐੱਸਸੀਓ ਦੇ ਪ੍ਰਧਾਨ ਵਜੋਂ ਭਾਰਤ ਨੇ ਬਹੁਪੱਖੀ ਸਹਿਯੋਗ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਨਿਰੰਤਰ ਯਤਨ ਕੀਤੇ ਹਨ। ਵਿਵਾਦਾਂ, ਤਣਾਅ, ਮਹਾਮਾਰੀ ‘ਚ ਘਿਰੇ ਦੁਨੀਆ ਦੇ ਸਾਰੇ ਦੇਸ਼ਾਂ ਲਈ ਭੋਜਨ, ਈਂਧਨ, ਖਣਿਜ ਦਾ ਸੰਕਟ ਵੱਡੀ ਚੁਣੌਤੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਸਾਰਿਆਂ ਨੇ ਅਤਿਵਾਦ ਦੇ ਖਿਲਾਫ ਮਿਲ ਕੇ ਲੜਨਾ ਹੋਵੇਗਾ, ਚਾਹੇ ਉਹ ਅਤਿਵਾਦ ਕਿਸੇ ਵੀ ਰੂਪ ਵਿੱਚ ਹੋਵੇ। ਇਸ ਗੱਲ ਦੀ ਖੁਸ਼ੀ ਹੈ ਕਿ ਇਰਾਨ ਸੰਗਠਨ ਦੇ ਨਵੇਂ ਮੈਂਬਰ ਵਜੋਂ ਸ਼ਾਮਲ ਹੋ ਰਿਹਾ ਹੈ। ਇਸ ਵਰਚੂਅਲ ਮੀਟਿੰਗ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀ ਹਿੱਸਾ ਲਿਆ।