ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੁਲਾਈ
ਪਾਵਰਕੌਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾ ਨੂੰ ‘ਵਾਇਆ ਚਾਉਕੇ’ ਰਿਸ਼ਵਤ ਦੀ ਪੇਸ਼ਕਸ਼ ਕਰਨ ਵਾਲੀ ਸੀਨੀਅਰ ਸਹਾਇਕ ਨੂੰ ਪਾਵਰਕੌਮ ਨੇ ਮੁਅੱਤਲ ਕਰ ਦਿੱਤਾ ਹੈ। ਪਾਵਰਕੌਮ ਦੇ ਸੀਨੀਅਰ ਅਧਿਕਾਰੀਆਂ ਨੇ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਸੀਨੀਅਰ ਸਹਾਇਕ ਮਨਜੀਤ ਕੌਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਦੌਰਾਨ ਇਸ ਮਹਿਲਾ ਮੁਲਾਜ਼ਮ ਦਾ ਹੈੱਡ ਕੁਆਰਟਰ ਮੁਕਤਸਰ ਵਿਚ ਰਹੇਗਾ। ਮਹਿਲਾ ਸੀਨੀਅਰ ਸਹਾਇਕ ਦੀ ਰਿਸ਼ਵਤ ਦੀ ਪੇਸ਼ਕਸ਼ ਨੂੰ ਲੈ ਕੇ ਪਾਵਰਕੌਮ ਦੇ ਚੇਅਰਮੈਨ ਸਰਾ ਨੇ ਫ਼ੌਰੀ ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਸਨ। ਚੇਤੇ ਰਹੇ ਕਿ ਚੇਅਰਮੈਨ ਸਰਾ ਦਾ ਬਠਿੰਡਾ ਜ਼ਿਲ੍ਹੇ ਵਿਚ ਜੱਦੀ ਪਿੰਡ ਚਾਉਕੇ ਹੈ ਅਤੇ ਸਰਾ ਸਧਾਰਨ ਕਿਸਾਨੀ ਨਾਲ ਸਬੰਧ ਰੱਖਦੇ ਹਨ। ਸਰਾ ਦੇ ਭਰਾ ਅਤੇ ਭਤੀਜੇ ਪਿੰਡ ਚਾਉਕੇ ਵਿਚ ਹੀ ਰਹਿੰਦੇ ਹਨ। ਸਰਾ ਦੇ ਪਰਿਵਾਰਕ ਮੈਂਬਰ ਹਰਸ਼ਨਪ੍ਰੀਤ ਸਿੰਘ ਅਤੇ ਗੁਰਬਿੰਦਰ ਸਿੰਘ ਨੇ 27 ਜੂਨ ਨੂੰ ਚੇਅਰਮੈਨ ਸਰਾ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ 26 ਜੂਨ ਨੂੰ ਇੱਕ ਮਹਿਲਾ ਮਨਜੀਤ ਕੌਰ ਉਨ੍ਹਾਂ ਕੋਲ ਘਰ ਆਈ ਅਤੇ ਉਸ ਨੇ ਆਪਣੀ ਬਦਲੀ ਵਾਲੀ ਅਰਜ਼ੀ ਦਿੰਦਿਆਂ ਘਰ ਦੇ ਡਰਾਇੰਗ ਰੂਮ ਵਿਚ ਗੱਲ ਕਰਨ ਲਈ ਕਿਹਾ। ਜਦੋਂ ਉਹ ਡਰਾਇੰਗ ਰੂਮ ਵਿੱਚ ਗਏ ਤਾਂ ਮਹਿਲਾ ਨੇ ਰਿਸ਼ਵਤ ਦੀ ਪੇਸ਼ਕਸ਼ ਕੀਤੀ ਅਤੇ ਇਹ ਵੀ ਕਿਹਾ ਕਿ ਬਦਲੀ ਹੋਣ ਉਪਰੰਤ ਬਾਕੀ ਪੈਸੇ ਦਿੱਤੇ ਜਾਣਗੇ ਜਿਸ ’ਤੇ ਪਰਿਵਾਰਕ ਮੈਂਬਰਾਂ ਨੇ ਮਹਿਲਾ ਦੀ ਅਰਜ਼ੀ ਉਸੇ ਵੇਲੇ ਪਾੜ ਦਿੱਤੀ। ਇਸ ਤੋਂ ਬਾਅਦ ਮਹਿਲਾ ਮੁਲਾਜ਼ਮ ਚਲੀ ਗਈ। ਪਰਿਵਾਰਕ ਮੈਂਬਰਾਂ ਨੇ ਪੱਤਰ ’ਚ ਕਿਹਾ ਕਿ ਮਹਿਲਾ ਮੁਲਾਜ਼ਮ ਦੀ ਇਹ ਪੇਸ਼ਕਸ਼ ਕਿਸੇ ਵੱਡੀ ਸਾਜਿਸ਼ ਦਾ ਹਿੱਸਾ ਵੀ ਹੋ ਸਕਦੀ ਹੈ ਤਾਂ ਕਿ ਚੇਅਰਮੈਨ ਦੇ ਅਕਸ ਨੂੰ ਖ਼ਰਾਬ ਕੀਤਾ ਜਾ ਸਕੇ। ਪੜਤਾਲ ਦੌਰਾਨ ਮਹਿਲਾ ਮੁਲਾਜ਼ਮ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਉਸ ਨੂੰ ਕਿਸੇ ਨੇ ਜਾਣ ਬੁੱਝ ਕੇ ਤਾਂ ਨਹੀਂ ਭੇਜਿਆ ਸੀ। ਸੂਤਰਾਂ ਨੇ ਦੱਸਿਆ ਕਿ ਪੜਤਾਲ ਦੌਰਾਨ ਮਹਿਲਾ ਸੀਨੀਅਰ ਸਹਾਇਕ ਨੇ ਦੱਸਿਆ ਕਿ ਉਸ ਨੂੰ ਇਸ ਤਰ੍ਹਾਂ ਦਾ ਪ੍ਰਭਾਵ ਸੀ ਕਿ ਪੈਸੇ ਦੇ ਕੇ ਬਦਲੀਆਂ ਹੁੰਦੀਆਂ ਹਨ।