ਫਰੈਂਕਫਰਟ: (ਜਰਮਨ): ਪਿਛਲੇ ਦਿਨੀਂ ਜਰਮਨ ਵਿੱਚ ਲਹਿੰਦੇ ਪੰਜਾਬ ਦੀ ਸਿਰਮੌਰ ਸਾਹਿਤਕ ਸੰਸਥਾ ਪੰਜਾਬੀ ਅਦਬੀ ਤਨਜ਼ੀਮ ਪੰਚਨਾਦ ਵੱਲੋਂ ਇਵਾਨੇ ਅਮਜ਼ਦ ਔਫਨਬਾਗ ਜਰਮਨ ਵਿਖੇ ਲਹਿੰਦੇ ਪੰਜਾਬ ਦੇ ਸ਼ਾਇਰ ਤੁਫ਼ੈਲ ਖ਼ਲਸ਼ ਅਤੇ ਚੜ੍ਹਦੇ ਪੰਜਾਬ ਦੇ ਲੇਖਕ ਕੇਹਰ ਸ਼ਰੀਫ਼ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਦੇ ਪਹਿਲੇ ਦੌਰ ਵਿੱਚ ਪੰਜਾਬੀ ਤਨਜ਼ੀਮ ਪੰਚਨਾਦ ਦੇ ਪ੍ਰਧਾਨ ਅਮਜ਼ਦ ਅਲੀ ਆਰਫ਼ੀ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਲਾਹਕਾਰ ਦਲਜਿੰਦਰ ਰਹਿਲ ਵੱਲੋਂ ਦੋਵੇਂ ਲੇਖਕਾਂ ਦੇ ਜੀਵਨ, ਵਿਚਾਰਧਾਰਾ ਅਤੇ ਸਾਹਿਤਕ ਦੇਣ ਬਾਰੇ ਵਿਸਥਾਰ ਵਿੱਚ ਸਰੋਤਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਇਹ ਸੁਝਾਅ ਵੀ ਪੇਸ਼ ਕੀਤੇ ਗਏ ਕਿ ਦੋਵਾਂ ਲੇਖਕਾਂ ਦੀਆਂ ਲਿਖਤਾਂ ਨੂੰ ਸਾਂਭ ਕੇ ਅੱਗੇ ਤੋਰਦਿਆਂ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਹ ਦੋਵੇਂ ਲੇਖਕ ਕਾਫ਼ੀ ਲੰਮੇ ਸਮੇਂ ਤੋਂ ਜਰਮਨ ਦੀ ਧਰਤੀ ’ਤੇ ਰਹਿੰਦਿਆਂ ਆਪਣੀ ਮਾਂ ਬੋਲੀ ਅਤੇ ਸਾਹਿਤ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਵਡਮੁੱਲੀਆਂ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਤੇ ਵਿਦੇਸ਼ੀ ਧਰਤੀ ’ਤੇ ਰਹਿੰਦਿਆਂ ਵੀ ਪੰਜਾਬੀ ਬੋਲੀ ਦਾ ਸਿਰ ਮਾਣ ਨਾਲ ਉੱਚਾ ਕੀਤਾ।
ਪੰਜਾਬੀ ਤਨਜ਼ੀਮ ਪੰਚਨਾਦ ਦੇ ਪ੍ਰਧਾਨ ਅਮਜ਼ਦ ਅਲੀ ਆਰਫ਼ੀ ਦੇ ਸੱਦੇ ’ਤੇ ਇਕੱਤਰ ਹੋਏ ਇਸ ਸਾਹਿਤਕ ਸਮਾਗਮ ਵਿੱਚ ਖਵਾਜ਼ਾ ਸਾਹਿਬ, ਮੁਸਤਜਾਬ ਆਰਫ਼ੀ, ਰਾਜਾ ਮੁਹੰਮਦ ਯੂਸਫ਼, ਤਾਹਿਰ ਮਜ਼ੀਦ, ਤਾਹਿਰ ਅਦੀਮ ਅਤੇ ਸ਼ਾਇਰ ਤੁਫ਼ੈਲ ਖ਼ਲਸ਼ ਦੇ ਪਰਿਵਾਰ ਵਿੱਚੋਂ ਉਨ੍ਹਾਂ ਦੀ ਪਤਨੀ ਬੇਗ਼ਮ ਤੁਫ਼ੈਲ ਖ਼ਲਸ਼, ਧੀਆਂ ਅਤੇ ਉਨ੍ਹਾਂ ਦਾ ਪੁੱਤਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਸਮਾਗਮ ਦੇ ਦੂਜੇ ਹਿੱਸੇ ਵਿੱਚ ਉਰਦੂ ਅਤੇ ਪੰਜਾਬੀ ਦਾ ਸਾਂਝਾ ਕਵੀ ਦਰਬਾਰ ਹੋਇਆ ਜਿਸ ਵਿੱਚ ਤਲਾਵਤ ਅਸ਼ਰਫ, ਜੈਨ ਅਲੀ ਅਮਜ਼ਦ, ਤਾਹਿਰ ਮਜ਼ੀਦ ਸਾਹਿਬ, ਨਜ਼ਮਾਂ ਵਾਰੀ ਸਾਹਿਬਾ, ਅਬਦੁਲ ਹਮੀਦ ਰਾਮਾ ਸਾਹਿਬ, ਫਰਜ਼ਾਨਾ ਨਾਈਦ, ਇਸ਼ਰਤ ਮੱਟੋ ਸਾਹਿਬਾ, ਚੌਧਰੀ ਕਰਮ ਰਾਹੀ ਸਾਹਿਬ, ਵਾਸ਼ਿਦ ਮਲਿਕ ਸਾਹਿਬ, ਜ਼ਫ਼ਰ ਉੱਲ ਜਾਫ਼ਰੀ, ਬਸਾਰਤ ਆਮਦ ਬਸਾਰਤ ਅਤੇ ਤਾਹਿਰ ਅਦੀਮ ਸਮੇਤ ਹੋਰ ਵੀ ਹਾਜ਼ਰ ਸ਼ਾਇਰਾਂ ਨੇ ਹਾਜ਼ਰੀ ਲਵਾਈ। ਅੰਤ ਵਿੱਚ ਅਦਬੀ ਤਨਜ਼ੀਮ ਦੇ ਪ੍ਰਧਾਨ ਅਮਜ਼ਦ ਅਲੀ ਆਰਫ਼ੀ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਬੇਗ਼ਮ ਤੁਫ਼ੈਲ ਖ਼ਲਸ਼ ਦਾ ਸਭਾ ਵੱਲੋਂ ਸਨਮਾਨ ਕੀਤਾ ਗਿਆ।
ਵਿਅੰਗਕਾਰ ਸ਼ੇਰਜੰਗ ਜਾਂਗਲੀ ਦੀ ਯਾਦ ਵਿੱਚ ਸਥਾਪਤ ਟਰੱਸਟ ਦਾ ਪਲੇਠਾ ਸਮਾਗਮ
ਸਾਊਥਾਲ: ਮਰਹੂਮ ਪੰਜਾਬੀ ਵਿਅੰਗਕਾਰ ਸ਼ੇਰਜੰਗ ਜਾਂਗਲੀ ਦੀ ਯਾਦ ਵਿੱਚ ਉਨ੍ਹਾਂ ਦੀ ਬੇਟੀ ਵਿਨੈ ਜੰਗ ਵੱਲੋਂ ਸਥਾਪਤ ਕੀਤੇ ਗਏ ਟਰੱਸਟ ‘ਸ਼ੇਰਜੰਗ ਫਾਊਂਡੇਸ਼ਨ’ ਦਾ ਪਹਿਲਾ ਸਮਾਗਮ ਬੀਤੇ ਦਿਨੀਂ ਵਿਲੀਅਰਜ ਹਾਈ ਸਕੂਲ ਸਾਊਥਾਲ ਦੇ ਹਾਲ ਵਿੱਚ ਕਰਵਾਇਆ ਗਿਆ। ਸਮਾਗਮ ਵਿੱਚ 250 ਮਹਿਮਾਨਾਂ ਨੇ ਭਾਗ ਲਿਆ। ਸਮਾਗਮ ਦੇ ਮੁੱਖ ਮਹਿਮਾਨ ਬਰਤਾਨੀਆ ਦੇ ਜੰਮਪਲ ਅੰਗਰੇਜ਼ੀ ਲੇਖਕ ਸਤਨਾਮ ਸੰਘੇੜਾ ਸਨ ਜਿਹੜੇ ‘ਦਿ ਬੌਇ ਵਿਦ ਦਿ ਟਾਪ ਨਾਟ’ ਅਤੇ ‘ਅੰਪਾਇਰਲੈਂਡ’ ਕਰਕੇ ਸਾਹਿਤਕ ਹਲਕਿਆਂ ਵਿੱਚ ਮਸ਼ਹੂਰ ਹਨ। ਉਨ੍ਹਾਂ ਦੀ ਇੱਕ ਹੋਰ ਕਿਤਾਬ ‘ਸਟੋਲਨ ਹਿਸਟਰੀ’ ਵੀ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਹੈ।
ਸਮਾਗਮ ਵਿੱਚ ਫਾਊਂਡੇਸ਼ਨ ਦੇ ਸਾਰੇ ਟਰੱਸਟੀ ਸ਼ਾਮਲ ਸਨ। ਟਰੱਸਟ ਮੈਂਬਰਾਂ ਵਿੱਚ ਸਨਮ ਮੱਲੀ, ਗੀਤਾ ਸੋਹੀ, ਸ਼ਬਨਮ ਸ਼ਰਮਾ, ਪੰਕਜ ਸ਼ਰਮਾ, ਵਿਨੈ ਜੰਗ, ਮੋਨਾ ਅਰਸ਼ੀ ਅਤੇ ਕੇ.ਸੀ. ਮੋਹਨ ਸ਼ਾਮਲ ਹਨ। ਇਸ ਸਮਾਗਮ ਵਿੱਚ ਵਿਨੈ ਜੰਗ ਨੇ ਫਾਊਂਡੇਸ਼ਨ ਦੇ ਉਦੇਸ਼ਾਂ ਬਾਰੇ ਦੱਸਦਿਆਂ ਕਿਹਾ ਕਿ ਇਹ ਸਾਖਰਤਾ ਵਧਾਉਣ ਅਤੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਕਾਰਜ ਕਰੇਗਾ। ਫਾਊਂਡੇਸ਼ਨ ਨੇ ਪਹਿਲਾਂ ਹੀ ਪੰਜਾਬ ਦੇ ਸਕੂਲਾਂ ਵਿੱਚ ਮਦਦ ਦੇਣ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ।
ਮੁੱਖ ਮਹਿਮਾਨ ਸਤਨਾਮ ਸੰਘੇੜਾ ਦੀ ਹਾਜ਼ਰੀ ਨੇ ਬਰਤਾਨੀਆ ਦੀ ਦੂਜੀ ਤੇ ਤੀਜੀ ਪੀੜ੍ਹੀ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪ੍ਰੇਰਿਤ ਕੀਤਾ। ਸਤਨਾਮ ਦੀ ਕਿਤਾਬ ਖਰੀਦਣ ਲਈ ਲੋਕਾਂ ਨੂੰ ਡੇਢ ਘੰਟਾ ਕਤਾਰ ਵਿੱਚ ਇੰਤਜ਼ਾਰ ਕਰਨਾ ਪਿਆ। ਈਲਿੰਗ ਸਾਊਥਾਲ ਦੇ ਐੱਮ.ਪੀ. ਵਰਿੰਦਰ ਸ਼ਰਮਾ ਨੇ ਟਰੱਸਟ ਦੀ ਸਥਾਪਨਾ ਤੇ ਸ਼ੁਭਇੱਛਾਵਾਂ ਦਿੱਤੀਆਂ। ਸਮਾਗਮ ਵਿੱਚ ਏਸ਼ੀਅਨ, ਅਫ਼ਰੀਕਨ ਅਤੇ ਅੰਗਰੇਜ਼ ਭਾਈਚਾਰੇ ਅਤੇ ਸਭ ਧਰਮਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਵਿੱਚ ਕੌਂਸਲਰ ਰਣਜੀਤ ਧੀਰ, ਕੌਂਸਲਰ ਹਰਭਜਨ ਧੀਰ, ਦਰਸ਼ਨ ਢਿੱਲੋਂ, ਕਹਾਣੀਕਾਰ ਗੁਰਪਾਲ ਸਿੰਘ, ਪ੍ਰੀਤਮ ਸਿੱਧੂ, ਜਸਬੀਰ ਦੁਹੜਾ ਅਤੇ ਸ਼ੇਰਜੰਗ ਜਾਂਗਲੀ ਦੀ ਪਤਨੀ ਰਾਣੋ ਜੰਗ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।