ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 5 ਜੁਲਾਈ
ਸਥਾਨਕ ਇਲਾਕੇ ਵਿੱਚ ਦੋ ਨੌਜਵਾਨਾਂ ਵੱਲੋਂ ਆਪਣੇ ਪਿਤਾ ਨੂੰ ਘਰੋਂ ਬਾਹਰ ਕੱਢਣ ਦੀ ਸ਼ਿਕਾਇਤ ਮਿਲਣ ’ਤੇ ਮਦਦ ਲਈ ਗਏ ਥਾਣੇਦਾਰ ਤੇ ਸਿਪਾਹੀ ’ਤੇ ਪਰਿਵਾਰਕ ਮੈਂਬਰਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਸਬੰਧ ਵਿੱਚ ਬਜ਼ੁਰਗ ਦੇ ਪੁੱਤਰਾਂ ਹਰਦੀਪ ਸਿੰਘ ਤੇ ਜਗਦੀਪ ਸਿੰਘ ਅਤੇ ਭਰਾ ਦਿਆਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਤਿੰਨੇ ਮੁਲਜ਼ਮਾਂ ਨੂੰ ਅੱਜ ਜਗਰਾਉਂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਦੋ ਹਫ਼ਤੇ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਹੋਏ ਹਨ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਬਹਾਦਰ ਸਿੰਘ ਨੇ ਥਾਣੇ ਇਤਲਾਹ ਦਿੱਤੀ ਸੀ ਕਿ ਹਰਦੀਪ ਸਿੰਘ ਤੇ ਜਗਦੀਪ ਸਿੰਘ ਨੇ ਉਸ ਦੀ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ ਹੈ। ਇਸ ਮਗਰੋਂ ਥਾਣੇਦਾਰ ਲਛਮਣ ਸਿੰਘ ਤੇ ਸਿਪਾਹੀ ਹਰਪ੍ਰੀਤ ਸਿੰਘ ਜਦੋਂ ਬਹਾਦਰ ਸਿੰਘ ਨੂੰ ਘਰ ਛੱਡਣ ਗਏ ਤਾਂ ਅੱਗੋਂ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਗਿਆ।