ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੁਲਾਈ
ਦਿੱਲੀ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਵਧ ਰਹੀ ਗਰਮੀ ਮਗਰੋਂ ਅੱਜ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਦਿੱਤੀ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਤਾਪਮਾਨ ਘਟਣ ਕਾਰਨ ਜਿੱਥੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਉਥੇ ਹੀ ਦਿੱਲੀ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਸ਼ਾਮ ਨੂੰ ਦਫ਼ਤਰਾਂ ਤੋਂ ਆਪਣੇ ਟਿਕਾਣਿਆਂ ਨੂੰ ਪਰਤ ਰਹੇ ਲੋਕ ਭਿੱਜ ਗਏ। ਇਸ ਦੌਰਾਨ ਕਈ ਇਲਾਕਿਆਂ ਵਿੱਚ ਆਵਾਜਾਈ ਵੀ ਪ੍ਰਭਾਵਿਤ ਹੋਈ। ਆਈਟੀਓ ਸਮੇਤ ਹੋਰ ਹਿੱਸਿਆਂ ਵਿੱਚ ਮੀਂਹ ਮਗਰੋਂ ਜਾਮ ਵਰਗੇ ਹਾਲਤ ਬਣ ਗਏ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਜਮ੍ਹਾਂ ਹੋ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੇ ਘੱਟੋ-ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪਾਲਮ ਮੌਸਮ ਕੇਂਦਰ ਨੇ ਸਵੇਰੇ 8.30 ਵਜੇ ਤੋਂ ਸ਼ਾਮ 5.30 ਵਜੇ ਵਿਚਾਲੇ 19.2 ਮਿਲੀਮੀਟਰ ਮੀਂਹ ਦਰਜ ਕੀਤਾ। ਮੁੰਗੇਸ਼ਪੁਰ ’ਚ 8 ਮਿਲੀਮੀਟਰ, ਪੂਸਾ ’ਚ 8.5 ਮਿਲੀਮੀਟਰ ਅਤੇ ਨਜਫਗੜ੍ਹ ’ਚ 17 ਮਿਲੀਮੀਟਰ ਮੀਂਹ ਪਿਆ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਕਿ ਅਗਲੇ ਛੇ ਤੋਂ ਸੱਤ ਦਿਨਾਂ ਵਿੱਚ ਬੱਦਲਵਾਈ ਅਤੇ ਕਦੇ-ਕਦਾਈਂ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਅਤੇ 35 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।
ਦਿੱਲੀ ਵਿੱਚ ਪਿਛਲੇ ਚਾਰ ਮਹੀਨਿਆਂ ਵਿੱਚ ਆਮ ਨਾਲੋਂ ਵੱਧ ਮੀਂਹ ਦਰਜ ਕੀਤੀ ਗਿਆ ਹੈ। ਇਸ ਤਹਿਤ ਮਾਰਚ ਵਿੱਚ 17.4 ਮਿਲੀਮੀਟਰ ਦੇ ਮੁਕਾਬਲੇ 53.2 ਮਿਲੀਮੀਟਰ, ਅਪਰੈਲ ਵਿੱਚ 16.3 ਮਿਲੀਮੀਟਰ ਦੀ ਔਸਤ ਦੇ ਮੁਕਾਬਲੇ 20.1 ਮਿਲੀਮੀਟਰ, ਮਈ ਵਿੱਚ 30.7 ਮਿਲੀਮੀਟਰ ਦੀ ਔਸਤ ਦੇ ਮੁਕਾਬਲੇ 111 ਮਿਲੀਮੀਟਰ ਅਤੇ ਜੂਨ ਵਿੱਚ 101.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਕੌਮੀ ਰਾਜਧਾਨੀ ਵਿੱਚ ਮੌਨਸੂਨ ਦੀ ਮਿਹਰਬਾਨੀ ਕਰਕੇ ਪ੍ਰਦੂਸ਼ਣ ਨੂੰ ਵੀ ਠੱਲ੍ਹ ਪਈ ਹੈ। ਕੌਮੀ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਪੀਸੀਸੀ) ਨੇ 2016 ਮਗਰੋਂ ਇਹ ਵਰ੍ਹਾ ਸਭ ਤੋਂ ਸਵੱਛ ਮੰਨਿਆ ਹੈ।