ਲਿਮਰਿਕ (ਆਇਰਲੈਂਡ): ਭਾਰਤ ਦੀਆਂ ਮਹਿਲਾ ਅੰਡਰ-18 ਕੰਪਾਊਂਡ ਤੀਰਅੰਦਾਜ਼ਾਂ ਨੇ ਆਪਣੇ ਅਮਰੀਕੀ ਵਿਰੋਧੀਆਂ ਨੂੰ ਹਰਾ ਕੇ ਅੱਜ ਇੱਥੇ ਵਰਲਡ ਯੂਥ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ। ਐਸ਼ਵਰਿਆ ਸ਼ਰਮਾ, ਆਦਿਤੀ ਸਵਾਮੀ ਅਤੇ ਏਕਤਾ ਰਾਣੀ ਦੀ ਭਾਰਤੀ ਮਹਿਲਾ ਟੀਮ ਨੇ ਪੱਛੜਨ ਮਗਰੋਂ ਖੇਡ ’ਚ ਵਾਪਸੀ ਕਰਦਿਆਂ ਓਲੀਵੀਆ ਡੀਨ, ਲਿਕੋ ਅਰੋਓਲਾ ਅਤੇ ਲੀਨ ਡਰੇਕ ਦੀ ਅਮਰੀਕੀ ਟੀਮ ਨੂੰ 214-212 ਨਾਲ ਹਰਾਇਆ। ਮੁਕਾਬਲੇ ’ਚ ਭਾਰਤ ਦਾ ਇਹ ਦੂਜਾ ਸੋਨ ਤਗ਼ਮਾ ਹੈ। ਪ੍ਰਿਯਾਂਸ ਅਤੇ ਅਵਨੀਤ ਕੌਰ ਨੇ ਬੁੱਧਵਾਰ ਨੂੰ ਜੂਨੀਅਰ ਮਿਕਸਡ ਟੀਮ ਕੰਪਾਊਂਡ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਭਾਰਤ ਦੇ ਮਾਨਵ ਜਾਧਵ ਅਤੇ ਐਸ਼ਵਰਿਆ ਨੇ ਕੈਡੇਟ ਮਿਕਸਡ ਕੰਪਾਊਂਡ ਮੁਕਾਬਲੇ ਵਿੱਚ ਮੈਕਸੀਕੋ ਨੂੰ ਹਰਾ ਕੇ ਕਾਂਸੇ ਦਾ ਤਗ਼ਮਾ ਫੁੰਡਿਆ। -ਪੀਟੀਆਈ