* ਅੱਠ ਮਤੇ ਪਾਸ; ਐੱਨਸੀਪੀ ਵੱਲੋਂ ਪਵਾਰ ਦੀ ਪਿੱਠ ’ਤੇ ਖੜ੍ਹੇ ਹੋਣ ਦਾ ਦਾਅਵਾ
ਨਵੀਂ ਦਿੱਲੀ, 6 ਜੁਲਾਈ
ਮਹਾਰਾਸ਼ਟਰ ਵਿੱਚ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ’ਚ ਜਾਰੀ ਸਿਆਸੀ ਖਿੱਚੋਤਾਣ ਦਰਮਿਆਨ ਬਜ਼ੁਰਗ ਆਗੂ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਉਹੀ ਐੱਨਸੀਪੀ ਦੇ ਪ੍ਰਧਾਨ ਹਨ। ਉਨ੍ਹਾਂ ਕਿਹਾ ਕਿ (ਮੇਰੀ) ਉਮਰ 83 ਹੋਵੇ ਜਾਂ 93, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਉਹ ਪਾਰਟੀ ਨੂੰ ਮੁੜ ਖੜ੍ਹਾ ਕਰਨ ਦੇ ਸਮਰੱਥ ਹਨ। ਉਨ੍ਹਾਂ ਦਾਅਵਾ ਕੀਤਾ ਕਿ (ਭਤੀਜੇ) ਅਜੀਤ ਪਵਾਰ ਦੇ ਬਹੁਮਤ ਦੇ ਦਾਅਵੇ ਦਾ ਸੱਚ ਜਲਦੀ ਸਾਰਿਆਂ ਦੇ ਸਾਹਮਣੇ ਹੋਵੇਗਾ। ਉਧਰ ਐੱਨਸੀਪੀ ਦੀ ਵਰਕਿੰਗ ਕਮੇਟੀ ਨੇ ਐੱਨਡੀਏ ਵਿੱਚ ਸ਼ਾਮਲ ਹੋਏ ਪ੍ਰਫੁੱਲ ਪਟੇਲ, ਸੁਨੀਲ ਤਤਕਰੇ ਤੇ ਨੌਂ ਹੋਰਨਾਂ ਨੂੰ ਪਾਰਟੀ ’ਚੋਂ ਕੱਢਣ ਦੇ ਫੈਸਲੇ ਨੂੰ ਹਰੀ ਝੰਡੀ ਦੇ ਦਿੱਤੀ।
ਐੱਨਸੀਪੀ ਆਗੂ ਪੀ.ਸੀ.ਚਾਕੋ ਨੇ ਕਿਹਾ ਕਿ ਮੀਟਿੰਗ ਦੌਰਾਨ ਅੱਠ ਮਤੇ ਪਾਸ ਕੀਤੇ ਗਏ। ਚਾਕੋ ਨੇ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਪਵਾਰ ਦੀ ਪਿੱਠ ’ਤੇ ਖੜ੍ਹੀ ਹੈ।
ਚਾਕੋ ਨੇ ਕਿਹਾ, ‘‘ਐੱਨਸੀਪੀ ਦੀ ਵਰਕਿੰਗ ਕਮੇਟੀ ਨੇ ਐੱਨਡੀਏ ਨਾਲ ਹੱਥ ਮਿਲਾਉਣ ਵਾਲੇ ਪ੍ਰਫੁੱਲ ਪਟੇਲ, ਸੁਨੀਲ ਤਤਕਰੇ ਤੇ ਨੌਂ ਹੋਰਨਾਂ ਨੂੰ ਪਾਰਟੀ ’ਚੋਂ ਕੱਢਣ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼ਰਦ ਪਵਾਰ ਨੂੰ ਕੌਮੀ ਪ੍ਰਧਾਨ ਚੁਣਿਆ ਗਿਆ ਸੀ। ਜੇਕਰ ਕੋਈ ਕੌਮੀ ਪ੍ਰਧਾਨ ਹੋਣ ਦਾ ਦਾਅਵਾ ਕਰਦਾ ਹੈ ਤਾਂ ਅਸੀਂ ਉਸ ਦੇ ਦਾਅਵਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ।’’ ਐੱਨਸੀਪੀ ਆਗੂ ਨੇ ਜ਼ੋਰ ਦੇ ਕੇ ਆਖਿਆ, ‘‘ਸਾਡੀ ਜਥੇਬੰਦੀ ਅਜੇ ਵੀ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਅਸੀਂ ਸ਼ਰਦ ਪਵਾਰ ਦੇ ਨਾਲ ਹਾਂ।’’ ਉਨ੍ਹਾਂ ਕਿਹਾ ਕਿ ਹਰ ਤਿੰਨ ਸਾਲਾਂ ਬਾਅਦ ਐੱਨਸੀਪੀ ਚੋਣਾਂ ਕਰਵਾਉਂਦੀ ਹੈ ਤੇ ਲੋਕਾਂ ਨੂੰ ਨਿਯਮਤ ਅਧਾਰ ’ਤੇ ਚੁਣਿਆ ਜਾਂਦਾ ਹੈ। ਵਰਕਿੰਗ ਕਮੇਟੀ ਵੱਲੋਂ ਪਾਸ ਮਤਿਆਂ ਵਿੱਚ ਭਾਜਪਾ ਸਰਕਾਰ ਦੀਆਂ ਗੈਰਜਮਹੂਰੀ ਤੇ ਗੈਰਸੰਵਿਧਾਨਕ ਕਾਰਵਾਈਆਂ ਤੇ ਵਿਰੋਧੀ ਧਿਰਾਂ ਖਿਲਾਫ਼ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਨੂੰ ਲੈ ਕੇ ਲਿਆ ਸਟੈਂਡ ਵੀ ਸ਼ਾਮਲ ਹੈ। ਇਕ ਹੋਰ ਮਤੇ ਵਿੱਚ ਮਹਿੰਗਾਈ, ਬੇਰੁਜ਼ਗਾਰੀ ਤੇ ਮਹਿਲਾਵਾਂ ਨੂੰ ਦਰਪੇਸ਼ ਦੁੱਖ ਤਕਲੀਫਾਂ ਲਈ ਜ਼ਿੰਮੇਵਾਰ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ ਗਈ। ਇਸ ਤੋਂ ਪਹਿਲਾਂ ਅੱਜ ਦਿਨੇਂ ਸ਼ਰਦ ਪਵਾਰ ਨੇ ਆਪਣੀ ਰਿਹਾਇਸ਼ ’ਤੇ ਸੱਦੀ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਕਿਹਾ ਕਿ ਬਾਗ਼ੀਆਂ ਨੂੰ ਕੀਮਤ ਤਾਰਨੀ ਹੋਵੇਗੀ। ਪਵਾਰ ਨੇ ਕਿਹਾ ਕਿ ਉਮਰ ਨਾਲ ਕੋਈ ਫਰਕ ਨਹੀਂ ਪੈਂਦਾ, ਉਹ 83 ਸਾਲਾਂ ਦੇ ਹਨ ਜਾਂ 92 ਸਾਲਾਂ ਦੇ, ਉਹ ਪਾਰਟੀ ਨੂੰ ਮੁੜ ਖੜ੍ਹਾ ਕਰਨ ਦੇ ਸਮਰੱਥ ਹਨ। ਦੱਸ ਦੇਈਏ ਕਿ ਅਜੀਤ ਪਵਾਰ ਨੇ ਲੰਘੇ ਦਿਨ ਸ਼ਰਦ ਪਵਾਰ ਨੂੰ ਉਨ੍ਹਾਂ ਦੀ ਵਡੇਰੀ ਉਮਰ ਦੇ ਹਵਾਲੇ ਨਾਲ ਘੇਰਦਿਆਂ ਕਿਹਾ ਸੀ ਕਿ ਉਹ ਕਦੋਂ ਪਾਰਟੀ ’ਚੋਂ ਸੇਵਾਮੁਕਤ ਹੋਣਗੇ। ਅਜੀਤ ਪਵਾਰ ਤੇ ਅੱਠ ਹੋਰ ਐੱਨਸੀਪੀ ਵਿਧਾਇਕ 2 ਜੁਲਾਈ ਨੂੰ ਏਕਨਾਥ ਸ਼ਿੰਦੇ ਸਰਕਾਰ ਵਿਚ ਸ਼ਾਮਲ ਹੋ ਗਏ ਸਨ। ਪਵਾਰ ਨੂੰ ਜਿੱਥੇ ਉਪ ਮੁੱਖ ਮੰਤਰੀ ਬਣਾਇਆ ਗਿਆ, ਉਥੇ ਬਾਕੀਆਂ ਨੇ ਮੰਤਰੀ ਵਜੋਂ ਹਲਫ਼ ਲਿਆ। ਇਨ੍ਹਾਂ ਵਿਚੋਂ ਕਈਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ ਤੇ ਕੇਂਦਰੀ ਜਾਂਚ ਏਜੰਸੀਆਂ ਉਨ੍ਹਾਂ ਖਿਲਾਫ਼ ਜਾਂਚ ਕਰ ਰਹੀਆਂ ਹਨ। ਇਸ ਦੌਰਾਨ ਅਜੀਤ ਪਵਾਰ ਨੇ ਨਰੇਂਦਰ ਰਾਣੇ ਨੂੰ ਮੁੰਬਈ ਐੱਨਸੀਪੀ ਦਾ ਕਾਰਜਕਾਰੀ ਪ੍ਰਧਾਨ ਥਾਪਿਆ ਹੈ। ਉਧਰ ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਵਿਨਾਇਕ ਰਾਊਤ ਨੇ ਦਾਅਵਾ ਕੀਤਾ ਕਿ ਅਜੀਤ ਪਵਾਰ ਨੂੰ ਸੂਬਾ ਸਰਕਾਰ ਵਿੱਚ ਸ਼ਾਮਲ ਕੀਤੇ ਜਾਣ ਮਗਰੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਦੇ ਦੂਜੇ ਧੜੇ ਦੇ ਕੁਝ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। -ਪੀਟੀਆਈ
ਰਾਹੁਲ ਗਾਂਧੀ ਵੱਲੋਂ ਸ਼ਰਦ ਪਵਾਰ ਨਾਲ ਮੁਲਾਕਾਤ
ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਧੀ ਅੱਜ ਐੱਨਸੀਪੀ ਆਗੂ ਸ਼ਰਦ ਪਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲੇ। ਸ਼ਾਮ ਵੇਲੇ ਹੋਈ ਇਸ ਮੁਲਾਕਾਤ ਦੌਰਾਨ ਪਵਾਰ ਦੀ ਧੀ ਤੇ ਐੱਨਸੀਪੀ ਦੀ ਕਾਰਜਕਾਰੀ ਪ੍ਰਧਾਨ ਸੁਪ੍ਰਿਆ ਸੂਲੇ ਵੀ ਮੌਜੂਦ ਸੀ। ਐੱਨਸੀਪੀ ਆਗੂਆਂ ਮੁਤਾਬਕ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਸੌ ਫੀਸਦੀ ਸ਼ਰਦ ਪਵਾਰ ਦੇ ਨਾਲ ਹੈ।
ਕਾਨੂੰਨੀ ਸਲਾਹ ਮਸ਼ਵਰੇ ਮਗਰੋਂ ਸ਼ਿੰਦੇ ਸਰਕਾਰ ’ਚ ਸ਼ਾਮਲ ਹੋਏ: ਭੁਜਬਲ
ਮੁੰਬਈ: ਸੀਨੀਅਰ ਐੱਨਸੀਪੀ ਆਗੂ ਛਗਨ ਭੁਜਬਲ ਨੇ ਕਿਹਾ ਕਿ ਅਜੀਤ ਪਵਾਰ ਤੇ ਅੱਠ ਹੋਰਨਾਂ ਵਿਧਾਇਕਾਂ ਦੇ ਸ਼ਿੰਦੇ ਸਰਕਾਰ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਾਨੂੰਨੀ ਮਾਹਿਰਾਂ ਦੇ ਸਲਾਹ ਮਸ਼ਵਰੇ ਨਾਲ ਹੀ ਲਿਆ ਗਿਆ ਸੀ ਤਾਂ ਕਿ ਮਗਰੋਂ ਅਯੋਗਤਾ ਦੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਏ। ਭੁਜਬਲ ਨੇ ਕਿਹਾ ਕਿ ਪੋਸਟਰਾਂ ’ਤੇ ਸ਼ਰਦ ਪਵਾਰ ਦੀਆਂ ਤਸਵੀਰਾਂ ਵਰਤਣ ਦਾ ਫੈਸਲਾ ਅਜੀਤ ਪਵਾਰ ਤੇ ਹੋਰਨਾਂ ਆਗੂਆਂ ਵੱਲੋਂ ਲਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ 43 ਐੱਨਸੀਪੀ ਵਿਧਾਇਕਾਂ ਵਿਚੋਂ 42 ਨੇ ਅਜੀਤ ਪਵਾਰ ਦੀ ਹਮਾਇਤ ਵਿੱਚ ਹਲਫ਼ਨਾਮਿਆਂ ’ਤੇ ਸਹੀ ਪਾਈ ਹੈ। ਉਧਰ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਐੱਨਸੀਪੀ ਆਗੂ ਅਜੀਤ ਪਵਾਰ ਨੂੰ ਸੂਬਾਈ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ਨਾਲ ਸ਼ਿਵ ਸੈਨਾ ਵਿੱਚ ਕੋਈ ਵੀ ਨਾਖ਼ੁਸ਼ ਨਹੀਂ ਹੈ। -ਪੀਟੀਆਈ