ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਜੁਲਾਈ
ਖੇਤੀ ਯੂਨੀਵਰਸਿਟੀਆਂ ਵਿੱਚ ਸਥਾਪਿਤ ਅਜਾਇਬ ਘਰਾਂ ਸਬੰਧੀ 20ਵੀਂ ਤਿੰਨ ਸਾਲਾ ਅੰਤਰਰਾਸ਼ਟਰੀ ਕਾਨਫਰੰਸ ਪੀਏਯੂ ਵਿੱਚ ਅਕਤੂਬਰ ਮਹੀਨੇ ਦੀ 16-18 ਤਰੀਕ ਤੱਕ ਕਰਵਾਈ ਜਾਵੇਗੀ। ਪੀ.ਏ.ਯੂ. ਨੂੰ ਇਸ ਦੀ ਸਾਂਝੀ ਮੇਜ਼ਬਾਨੀ ਸੌਂਪੀ ਗਈ ਹੈ। ਇਸੇ ਕਾਨਫਰੰਸ ਦਾ ਇੱਕ ਪੜਾਅ ਅਸ਼ੂਲਿਨੀ ਯੂਨੀਵਰਸਿਟੀ, ਸੋਲਨ ਵਿੱਚ 13-15 ਅਕਤੂਬਰ ਤੱਕ ਪੂਰਾ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਖੇਤੀ ਦੇ ਅਜਾਇਬ ਘਰਾਂ ਦੇ ਮਾਮਲੇ ਵਿੱਚ ਪੀਏਯੂ ਕੋਲ ਅਮੀਰ ਵਿਰਾਸਤ ਦੀ ਹੋਂਦ ਹੈ ਅਤੇ ਇਸ ਕਾਨਫਰੰਸ ਦਾ ਉਦੇਸ਼ ਪੂਰੀ ਦੁਨੀਆ ਨੂੰ ਇਸ ਸਿਧਾਂਤ ਤੋਂ ਜਾਣੂੰ ਕਰਵਾਉਣਾ ਹੈ ਕਿ ਅਜਾਇਬ ਘਰਾਂ ਵਿੱਚ ਖੇਤੀ ਦੇ ਵਿਕਾਸ ਦੀ ਗਾਥਾ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਕਾਨਫਰੰਸ ਏਸ਼ੀਆ ਵਿੱਚ ਆਪਣੀ ਤਰ੍ਹਾਂ ਦਾ ਪਹਿਲੀ ਕਾਨਫਰੰਸ ਹੋਵੇਗੀ। ਡਾ. ਗੋਸਲ ਨੇ ਇਸ ਸਬੰਧੀ ਵੱਖ-ਵੱਖ ਵਿਭਾਗਾਂ ਅਧੀਨ ਸਥਾਪਿਤ ਅਜਾਇਬ ਘਰਾਂ ਬਾਰੇ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਸਬੰਧਤ ਮੁਖੀਆਂ ਨਾਲ ਕੀਤੀ।
ਡਾ. ਗੋਸਲ ਨੇ ਕਿਹਾ ਕਿ ਇਸ ਕਾਨਫਰੰਸ ਦਾ ਉਦੇਸ਼ ਕਿਸਾਨੀ ਨਾਲ ਜੁੜੇ ਲੋਕਾਂ ਦੀ ਬੌਧਿਕਤਾ, ਕੀੜਿਆਂ, ਬਿਮਾਰੀਆਂ ਨੂੰ ਰੋਕਥਾਮ ਦੀ ਇਤਿਹਾਸਕ ਸੂਝ ਅਤੇ ਮੌਸਮ ਸਬੰਧੀ ਜਾਣਕਾਰੀ ਬਾਰੇ ਚਾਨਣਾ ਪਾਉਣਾ ਹੋਵੇਗਾ। ਪੀ.ਏ.ਯੂ. ਦੇ ਮੁੱਖ ਅਜਾਇਬ ਘਰਾਂ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਦੱਸਿਆ ਕਿ ਪੰਜਾਬ ਦਾ ਸਮਾਜਿਕ ਇਤਿਹਾਸ ਅਤੇ ਪੇਂਡੂ ਜੀਵਨ ਦਾ ਅਜਾਇਬਘਰ 1974 ਵਿੱਚ ਬਣਾਇਆ ਗਿਆ ਸੀ। ਇਹ ਅਜਾਇਬ ਘਰ ਪੰਜਾਬ ਦੇ ਪੇਂਡੂ ਸੱਭਿਆਚਾਰ ਵਿੱਚੋਂ ਪੈਦਾ ਹੋਏ ਲੋਕ ਜੀਵਨ ਦੀ ਝਲਕ ਪੇਸ਼ ਕਰਦਾ ਹੈ।