ਮੁੰਬਈ: ਐੱਨਸੀਪੀ ਦੇ ਆਗੂ ਪ੍ਰਫੁਲ ਪਟੇਲ ਨੇ ਅੱਜ ਕਿਹਾ ਕਿ ਪਾਰਟੀ ਟੁੱਟੀ ਨਹੀਂ ਹੈ, ਤੇ ਅਜੀਤ ਪਵਾਰ ਨੂੰ ਵਿਧਾਇਕਾਂ ਵੱਲੋਂ ਸਰਬਸੰਮਤੀ ਨਾਲ ਪਾਰਟੀ ਪ੍ਰਧਾਨ ਚੁਣਿਆ ਗਿਆ ਹੈ। ਇਕ ਮੀਡੀਆ ਕਾਨਫਰੰਸ ਵਿਚ ਪਟੇਲ ਨੇ ਕਿਹਾ ਕਿ ਉਨ੍ਹਾਂ ਚੋਣ ਕਮਿਸ਼ਨ ਨੂੰ 40 ਤੋਂ ਵੱਧ ਵਿਧਾਇਕਾਂ ਦੇ ਹਲਫ਼ਨਾਮਿਆਂ ਵਾਲੀ ਪਟੀਸ਼ਨ ਭੇਜ ਦਿੱਤੀ ਹੈ। ਕਮਿਸ਼ਨ ਨੂੰ ਅਜੀਤ ਪਵਾਰ ਦੀ ਨਿਯੁਕਤੀ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ, ਨਾਲ ਹੀ ਪਾਰਟੀ ਦੇ ਨਾਂ ਤੇ ਨਿਸ਼ਾਨ ਉਤੇ ਦਾਅਵਾ ਜਤਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼ਰਦ ਪਵਾਰ ਵੱਲੋਂ ਵੀਰਵਾਰ ਦਿੱਲੀ ਵਿਚ ਕੀਤੀ ਗਈ ਐੱਨਸੀਪੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਅਧਿਕਾਰਤ ਨਹੀਂ ਸੀ। ਐੱਨਸੀਪੀ ਆਗੂ ਨੇ ਕਿਹਾ ਕਿ ਪਾਰਟੀ ਦਾ ਜਥੇਬੰਦਕ ਢਾਂਚਾ ‘ਖਾਮੀਆਂ ਭਰਪੂਰ’ ਸੀ। ਪਟੇਲ ਨੇ ਕਿਹਾ ਕਿ 30 ਜੂਨ ਨੂੰ ਮੁੰਬਈ ਵਿਚ ਪਵਾਰ ਦੀ ਰਿਹਾਇਸ਼ ’ਤੇ ਵਿਧਾਇਕਾਂ, ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਦੀ ਇਕ ਮੀਟਿੰਗ ਹੋਈ ਸੀ, ਜਿੱਥੇ ਅਜੀਤ ਪਵਾਰ ਨੂੰ ਸਰਬਸੰਮਤੀ ਨਾਲ ਆਗੂ ਚੁਣਿਆ ਗਿਆ ਸੀ। ਉਨ੍ਹਾਂ ਕਿਹਾ ਕਿ ਨਿਯੁਕਤੀ ਤੋਂ ਬਾਅਦ ਅਜੀਤ ਪਵਾਰ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਜਾਣੂ ਕਰਾਇਆ ਕਿ ‘ਪ੍ਰਫੁਲ ਪਟੇਲ ਨੂੰ ਕੌਮੀ ਕਾਰਜਕਾਰੀ ਪ੍ਰਧਾਨ’ ਲਾਇਆ ਗਿਆ ਹੈ। ਅਜੀਤ ਪਵਾਰ ਖ਼ੁਦ ਵਿਧਾਇਕ ਦਲ ਦੇ ਨੇਤਾ ਬਣੇ ਹਨ, ਜਦਕਿ ਅਨਿਲ ਪਟੇਲ ਪਾਰਟੀ ਵ੍ਹਿਪ ਬਣੇ ਹੋਏ ਹਨ। ਪਟੇਲ ਨੇ ਕਿਹਾ, ‘ਕੌਣ ਤੈਅ ਕਰੇਗਾ ਕਿ ਕਿਹੜੀ ਅਸਲੀ ਸਿਆਸੀ ਪਾਰਟੀ ਹੈ? ਇਹ ਚੋਣ ਕਮਿਸ਼ਨ ਦਾ ਅਧਿਕਾਰ ਖੇਤਰ ਹੈ ਜਦਕਿ ਵਿਧਾਇਕਾਂ ਦੀਆਂ ਕਾਰਵਾਈਆਂ ਸਪੀਕਰ ਦੇ ਅਧਿਕਾਰ ਖੇਤਰ ਵਿਚ ਆਉਂਦੀਆਂ ਹਨ।’ ਪਟੇਲ ਨੇ ਕਿਹਾ ਕਿ ਜੈਅੰਤ ਪਾਟਿਲ ਪਾਰਟੀ ਦੇ ਸੰਵਿਧਾਨ ਮੁਤਾਬਕ ਪਾਰਟੀ ਪ੍ਰਧਾਨ ਨਹੀਂ ਸਨ, ਤੇ ਉਨ੍ਹਾਂ ਵੱਲੋਂ ਸਪੀਕਰ ਨੂੰ ਬਾਗੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਲਈ ਭੇਜੀ ਗਈ ਪਟੀਸ਼ਨ ਦੀ ਕੋਈ ਪ੍ਰਮਾਣਿਕਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਰਦ ਧੜੇ ਵੱਲੋਂ ਅਜੀਤ ਪਵਾਰ ਧੜੇ ਬਾਰੇ ਲਏ ਗਏ ਫੈਸਲੇ ਗੈਰਕਾਨੂੰਨੀ ਹਨ ਤੇ ਲਾਗੂ ਨਹੀਂ ਹੁੰਦੇ। -ਪੀਟੀਆਈ