ਨਵੀਂ ਦਿੱਲੀ, 7 ਜੁਲਾਈ
ਸੀਬੀਆਈ ਨੇ ਦੋ ਜੂਨ ਨੂੰ ਉੜੀਸਾ ਦੇ ਬਾਲਾਸੌਰ ’ਚ ਵਾਪਰੇ ਰੇਲ ਹਾਦਸੇ ਦੇ ਸਬੰਧ ਵਿੱਚ ਅੱਜ ਰੇਲਵੇ ਦੇ ਤਿੰਨ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਇਹ ਪਹਿਲੀ ਗ੍ਰਿਫ਼ਤਾਰੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਏਜੰਸੀ ਨੇ ਸੀਨੀਅਰ ਸੈਕਸ਼ਨ ਇੰਜਨੀਅਰ (ਸਿਗਨਲ) ਅਰੁਣ ਕੁਮਾਰ ਮਹੰਤਾ, ਸੈਕਸ਼ਨ ਇੰਜਨੀਅਰ ਮੁਹੰਮਦ ਆਮਿਰ ਖਾਨ ਤੇ ਤਕਨੀਸ਼ੀਅਨ ਪੱਪੂ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਬਾਲਾਸੌਰ ਜ਼ਿਲ੍ਹੇ ’ਚ ਤਾਇਨਾਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਨੂੰ ਆਈਪੀਸੀ ਦੀ ਧਾਰਾ 304, ਤੇ 201 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬਾਲਾਸੌਰ ਰੇਲ ਹਾਦਸੇ ’ਚ 293 ਵਿਅਕਤੀਆਂ ਦੀ ਮੌਤ ਹੋ ਗਈ ਸੀ। ਤਿੰਨ ਰੇਲਾਂ ਸ਼ਾਲੀਮਾਰ-ਚੇਨੱਈ ਕੋਰੋਮੰਡਲ ਐਕਸਪ੍ਰੈੱਸ, ਬੰਗਲੂਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਤੇ ਇੱਕ ਮਾਲ ਗੱਡੀ ਆਪਸ ’ਚ ਟਕਰਾ ਗਈਆਂ ਸਨ। -ਪੀਟੀਆਈ