ਹਰਪ੍ਰੀਤ ਸਿੰਘ ਸਵੈਚ
ਉਂਜ ਕਹਿਣ ਨੂੰ ਤਾਂ ਚੰਨ ਸਾਡੇ ਤੋਂ 3,84,400 ਕਿਲੋਮੀਟਰ ਦੂਰ ਹੈ, ਪਰ ਇਹ ਸਾਡੇ ਦਿਲਾਂ ਦੇ ਬਹੁਤ ਨਜ਼ਦੀਕ ਹੈ। ਵਿਗਿਆਨਕ ਤੌਰ ’ਤੇ ਮੰਨੀਏ ਤਾਂ ਚੰਨ ਦੀ ਆਪਣੀ ਕੋਈ ਰੌਸ਼ਨੀ ਨਹੀਂ, ਪਰ ਖਿਆਲੀ ਤੌਰ ’ਤੇ ਜਾਂ ਕਹਿ ਲਓ ਸੱਭਿਆਚਾਰਕ ਤੌਰ ’ਤੇ ਇਹ ਚੰਨ ਦੀ ਚਾਨਣੀ ਹੀ ਹੈ ਕਿ ਜੋ ਸਾਡੇ ਦਿਲਾਂ ਵਿੱਚ ਮੁਹੱਬਤ ਦੇ ਚਸ਼ਮੇ ਵਹਾ ਦੇਣ ਦੇ ਸਮਰੱਥ ਹੈ।
ਚੰਨ ਕੁਦਰਤ ਵੱਲੋਂ ਸਾਨੂੰ ਬਖ਼ਸ਼ਿਆ ਇੱਕ ਐਸਾ ਤੋਹਫ਼ਾ ਹੈ, ਜਿਸ ਨਾਲ ਸਾਡਾ ਰਿਸ਼ਤਾ ਬੜਾ ਗੂੜ੍ਹਾ ਹੈ ਤੇ ਇਸ ਰਿਸ਼ਤੇ ਦੀ ਸ਼ੁਰੂਆਤ ਸਾਡੇ ਜਨਮ ਤੋਂ ਹੀ ਹੋ ਜਾਂਦੀ ਹੈ। ਬਚਪਨ ਵਿੱਚ ਲੋਰੀਆਂ ਤੇ ਚੰਨ ’ਤੇ ਬੈਠੀ ਬੁੱਢੀ ਮਾਈ ਦੀਆਂ ਬਾਤਾਂ ਅਸੀਂ ਆਮ ਹੀ ਸੁਣਦੇ ਰਹੇ ਹਾਂ। ਚੰਨ ਸਾਡੀਆਂ ਖੁਸ਼ੀਆਂ, ਗ਼ਮੀਆਂ, ਪਿਆਰ ਆਦਿ ਵੱਖੋ-ਵੱਖਰੀਆਂ ਭਾਵਨਾਵਾਂ ਨਾਲ ਵੀ ਜੁੜਿਆ ਹੋਇਆ ਹੈ। ਹਾਲਾਂਕਿ ਚੰਨ ਨਾਲ ਅਸੀਂ ਪੁੱਤਰ, ਭਾਈ, ਮਾਹੀ, ਮਾਮਾ ਆਦਿ ਕਈ ਤਰ੍ਹਾਂ ਦੇ ਰਿਸ਼ਤੇ ਸਿਰਜੇ ਹੋਏ ਹਨ, ਪਰ ਮੁਕੰਮਲ ਤੌਰ ’ਤੇ ਚੰਨ ਨੂੰ ਪਿਆਰ ਤੇ ਮੁਹੱਬਤ ਦੇ ਪ੍ਰਤੀਕ ਵੱਜੋਂ ਦੇਖਿਆ ਜਾਂਦਾ ਹੈ। ਵੈਸੇ ਤਾਂ ਸਾਡੇ ਲੋਕ ਸਾਹਿਤ ਵਿੱਚ ਮੁਹੱਬਤ ਦੇ ਅਹਿਸਾਸ ਨੂੰ ਵੱਖ-ਵੱਖ ਬਿੰਬਾਂ ਤੇ ਪ੍ਰਤੀਕਾਂ ਰਾਹੀਂ ਦਰਸਾਇਆ ਗਿਆ ਹੈ, ਪਰ ਚੰਨ ਇੱਕ ਐਸੇ ਬਿੰਬ ਵੱਜੋਂ ਪੇਸ਼ ਹੋਇਆ ਹੈ, ਜਿਸ ਨੂੰ ਹਰ ਰਿਸ਼ਤੇ ਵਿੱਚ ਨਿੱਘ ਲਈ ਵਰਤਿਆ ਗਿਆ ਹੈ।
ਪਿਆਰ ਵਿੱਚ ਚਾਹੇ ਵਿਛੋੜੇ ਦਾ ਸਬੱਬ ਹੋਵੇ ਜਾਂ ਵਸਲ ਦਾ ਮੁਕਾਮ ਹੋਵੇ, ਚੰਨ ਨੂੰ ਮੁਖਾਤਿਬ ਹੋ ਕੇ ਬਿਆਨ ਕੀਤੇ ਗਏ ਦਿਲ ਦੇ ਵਲਵਲੇ ਅੱਜ ਲੋਕ ਗੀਤਾਂ ਦਾ ਰੂਪ ਧਾਰ ਗਏ ਹਨ। ਆਪਣੇ ਚੰਨ ਵਰਗੇ ਮਾਹੀ ਦੇ ਇੰਤਜ਼ਾਰ ਵਿੱਚ ਪ੍ਰੇਮਿਕਾ ਤਾਰਿਆਂ ਦੀ ਗਵਾਹੀ ਪੁਵਾਉਂਦੀ ਹੋਈ ਕਹਿੰਦੀ ਹੈ:
ਸਾਰੀ ਰਾਤ ਤੇਰਾ ਤੱਕਨੀ ਆਂ ਰਾਹ,
ਤਾਰਿਆਂ ਤੋਂ ਪੁੱਛ ਚੰਨ ਵੇ
ਚੰਨ ਇਸ ਪੂਰੀ ਕਾਇਨਾਤ ਵਿੱਚ ਸੁਹੱਪਣ ਦੀ ਸਭ ਤੋਂ ਵੱਡੀ ਮਿਸਾਲ ਵੱਜੋਂ ਪੇਸ਼ ਹੋਇਆ ਹੈ, ਪਰ ਪਿਆਰ ਵਿੱਚ ਰਮੇ ਇੱਕ ਪ੍ਰੇਮੀ ਨੂੰ ਆਪਣੀ ਪ੍ਰੇਮਿਕਾ ਦੇ ਸਾਹਮਣੇ ਚੰਨ ਵੀ ਫਿੱਕਾ ਪ੍ਰਤੀਤ ਹੁੰਦਾ ਹੈ:
ਮੱਥੇ ਚਮਕੇ ਟਿੱਕਾ,
ਤੇਰੇ ਮੂਹਰੇ ਚੰਨ ਅੰਬਰਾਂ ਦਾ
ਲੱਗਦਾ ਫਿੱਕਾ ਫਿੱਕਾ
ਵਿਆਹ ਤੋਂ ਬਾਅਦ ਸਹੁਰੇ ਘਰ ਇੱਕ ਭੈਣ ਵੱਲੋਂ ਆਪਣੇ ਭਾਈ ਨੂੰ ਬੜੀ ਬੇਸਬਰੀ ਨਾਲ ਉਡੀਕਿਆ ਜਾਂਦਾ ਹੈ ਤੇ ਜਦੋਂ ਭਾਈ ਆਪਣੀ ਭੈਣ ਨੂੰ ਮਿਲਣ ਆਉਂਦਾ ਹੈ ਤਾਂ ਭੈਣ ਨੂੰ ਉਹ ਦਿਨ ਪੂਰਨਮਾਸ਼ੀ ਵਾਂਗ ਪ੍ਰਤੀਤ ਹੁੰਦਾ ਹੈ:
ਵੀਰਾ ਵੇ ਆਈਂ ਵੇ ਭੈਣ ਦੇ ਵਿਹੜੇ
ਤੂੰ ਪੁੰਨਿਆ ਦਾ ਚੰਨ ਬਣਕੇ
ਇਸੇ ਤਰ੍ਹਾਂ ਜਦੋਂ ਭਾਈ ਦੇ ਘਰ ਬਾਲ ਜਨਮ ਲੈਂਦਾ ਹੈ ਤਾਂ ਸਭ ਤੋਂ ਵੱਧ ਖੁਸ਼ੀ ਉਸ ਦੀ ਭੈਣ ਨੂੰ ਹੁੰਦੀ ਹੈ ਤੇ ਉਹ ਨਵ ਜਨਮੇ ਬਾਲ ਨੂੰ ਚੰਨ ਨਾਲ ਤਸ਼ਬੀਹ ਦਿੰਦੀ ਹੋਈ ਕਹਿੰਦੀ ਹੈ:
ਚੰਨ ਚੜਿ੍ਹਆ ਬਾਪ ਦੇ ਖੇੜੇ, ਵੀਰ ਘਰ ਪੁੱਤ ਜੰਮਿਆ
ਸਾਡੀਆਂ ਲੋਕ ਬੋਲੀਆਂ, ਘੋੜੀਆਂ, ਮਾਹੀਏ, ਟੱਪਿਆਂ ਅਤੇ ਢੋਲਿਆਂ ਆਦਿ ਵਿੱਚ ਚੰਨ ਦਾ ਜ਼ਿਕਰ ਆਮ ਹੀ ਮਿਲਦਾ ਹੈ, ਪਰ ਚੰਨ ਆਪਣੇ-ਆਪ ਵਿੱਚ ਇੱਕ ਵੱਖਰਾ ਕਾਵਿ ਰੂਪ ਵੀ ਹੈ ਜੋ ਕਿ ਪੱਛਮੀ ਪੰਜਾਬ ਦੇ ਪੁਣਛ ਦੇ ਇਲਾਕੇ ਨਾਲ ਸਬੰਧਤ ਹੈ। ਜਿਵੇਂ ਮਾਹੀਆ ਕਾਵਿ ਰੂਪ ਵਿੱਚ ਬਾਲੋ ਮੁਟਿਆਰ ਆਪਣੇ ਪ੍ਰੀਤਮ ਨੂੰ ਮਾਹੀ ਕਹਿ ਕੇ ਪੁਕਾਰਦੀ ਹੈ, ਉਸੇ ਤਰ੍ਹਾਂ ਚੰਨ ਕਾਵਿ ਰੂਪ ਵਿੱਚ ਪ੍ਰੇਮੀ ਤੋਂ ਵਿੱਛੜੀ ਮੁਟਿਆਰ ਆਪਣੇ ਪ੍ਰੇਮੀ ਨੂੰ ਚੰਨ ਕਹਿ ਕੇ ਪੁਕਾਰਦੀ ਹੈ। ਪ੍ਰੇਮੀ ਦੀ ਯਾਦ ਵਿੱਚ ਤੜਫ਼ਦੀ ਮੁਟਿਆਰ ਦੇ ਦਿਲ ਦੇ ਭਾਵਾਂ ਨੂੰ ਇਸ ਕਾਵਿ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ:
ਚੰਨਾ ਵੇ ਚੰਨਾ, ਤੇਰੀ ਰੋਟੀ ਮੈਂ ਬੰਨਾ
ਸਿਰ ’ਤੇ ਦਹੀਂ ਦਾ ਛੰਨਾ, ਵੇ ਅੱਗੇ ਖਾਲ ਦਾ ਬੰਨਾ
ਪੁਲ ਬੰਨ੍ਹ ਵੈਰੀਆ ਵੇ, ਮੈਂ ਕਿੱਥੋਂ ਦੀ ਲੰਘਾ
ਚੰਨ ਨਾਲ ਕਈ ਤਰ੍ਹਾਂ ਦੀਆਂ ਦੰਦ ਕਥਾਵਾਂ ਵੀ ਜੁੜੀਆਂ ਹੋਈਆਂ ਹਨ। ਜਿਵੇਂ ਚੰਨ ’ਤੇ ਦਾਗ ਹੋਣ ਬਾਰੇ ਮਾਤਾ ਅਹੱਲਿਆ ਤੇ ਗੌਤਮ ਰਿਸ਼ੀ ਦੀ ਇੱਕ ਪੁਰਾਣਕ ਕਥਾ ਪ੍ਰਚੱਲਿਤ ਹੈ ਕਿ ਇੰਦਰ ਦੇਵਤਾ ਵੱਲੋਂ ਗੌਤਮ ਰਿਸ਼ੀ ਦਾ ਭੇਸ ਧਾਰ ਕੇ ਮਾਤਾ ਅਹੱਲਿਆ ਨੂੰ ਭੋਗਣ ਦੀ ਸਾਜ਼ਿਸ਼ ਰਚੀ ਗਈ ਸੀ, ਜਿਸ ਵਿੱਚ ਚੰਨ ਨੇ ਮੁਰਗਾ ਬਣ ਕੇ ਇੰਦਰ ਦਾ ਸਾਥ ਦਿੱਤਾ ਸੀ, ਜਿਸ ਕਰਕੇ ਗੌਤਮ ਰਿਸ਼ੀ ਨੇ ਚੰਨ ਨੂੰ ਦਾਗੀ ਹੋਣ ਦਾ ਸਰਾਪ ਦਿੱਤਾ ਸੀ। ਇੱਕ ਹੋਰ ਦੰਦ ਕਥਾ ਅਨੁਸਾਰ ਜਦੋਂ ਰੱਬ ਨੇ ਆਦਮ ਤੇ ਹਵਾ ਨੂੰ ਧਰਤੀ ’ਤੇ ਭੇਜਿਆ ਤਾਂ ਉਸ ਵੇਲੇ ਚਾਰੇ ਪਾਸੇ ਮਾਯੂਸੀ ਫੈਲੀ ਹੋਈ ਸੀ, ਕਿਸੇ ਕੋਲ ਖੁਸ਼ ਹੋਣ ਦੀ ਕੋਈ ਵਜਾ ਨਹੀਂ ਸੀ। ਅਜਿਹਾ ਦ੍ਰਿਸ਼ ਵੇਖ ਕੇ ਰੱਬ ਦੇ ਦਿਲ ਵਿੱਚ ਦਇਆ ਆਈ ਤੇ ਉਸ ਨੇ ਚੰਨ ਦੀ ਸਿਰਜਣਾ ਕੀਤੀ, ਜਿਸ ਦੀ ਮਿੱਠੀ ਚਾਨਣੀ ਨੇ ਪੂਰੀ ਕਾਇਨਾਤ ਵਿੱਚ ਖੁਸ਼ਹਾਲੀ ਤੇ ਮੁਹੱਬਤ ਦੇ ਬੀਅ ਬੀਜ ਦਿੱਤੇ।
ਚੰਨ ਦੇ ਵਧਣ-ਘਟਣ ਨਾਲ ਵੀ ਕਈ ਤਰ੍ਹਾਂ ਦੇ ਵਿਸ਼ਵਾਸ ਜਾਂ ਮਿੱਥ ਜੁੜੇ ਹੋਏ ਹਨ। ਤੀਜ ਦਾ ਚੰਨ ਵੇਖਣਾ ਸ਼ੁੱਭ ਮੰਨਿਆ ਜਾਂਦਾ ਹੈ ਜਦੋਂ ਕਿ ਚੌਥ ਦਾ ਚੰਨ ਵੇਖਣਾ ਅਸ਼ੁੱਭ ਮੰਨਿਆ ਜਾਂਦਾ ਹੈ। ਪੂਰਨਮਾਸ਼ੀ, ਮੱਸਿਆ, ਇਕਾਦਸ਼ੀ, ਕਰਵਾ ਚੌਥ, ਨੌਮੀ, ਦਸਵੀਂ ਆਦਿ ਚੰਨ ਨਾਲ ਹੀ ਸਬੰਧਤ ਤਿੱਥਾਂ ਹਨ। ਇਸ ਨੂੰ ਇਤਫਾਕ ਕਹਿ ਲਓ ਜਾਂ ਕਰਾਮਾਤ, ਪਰ ਲਗਭਗ ਸਭ ਧਰਮਾਂ ਦੇ ਪੈਗਬੰਰਾਂ ਦੇ ਜਨਮ ਵੀ ਪੂਰਨਮਾਸ਼ੀ ਨੂੰ ਹੋਏ ਦੱਸੇ ਜਾਂਦੇ ਹਨ। ਮਹਾਤਾਮਾ ਬੁੱਧ ਦਾ ਤਾਂ ਜਨਮ, ਗਿਆਨ ਪ੍ਰਾਪਤੀ ਤੇ ਨਿਰਵਾਣ ਤਿੰਨੋਂ ਪੂਰਨਮਾਸ਼ੀ ਨੂੰ ਹੀ ਹੋਏ ਮੰਨੇ ਜਾਂਦੇ ਹਨ।
ਸਨਾਤਨ ਧਰਮ ਦੇ ਜ਼ਿਆਦਾਤਰ ਵਰਤ ਚੰਨ ਨੂੰ ਵੇਖ ਕੇ ਹੀ ਖੋਲ੍ਹੇ ਜਾਂਦੇ ਹਨ। ਇਸੇ ਤਰ੍ਹਾਂ ਮੁਸਲਮਾਨਾਂ ਦਾ ਸਭ ਤੋਂ ਵੱਡਾ ਤਿਓਹਾਰ ਈਦ ਵੀ ਚੰਨ ਨਾਲ ਹੀ ਸਬੰਧਤ ਹੈ। ਚਾਹੇ ਮਿੱਥ ਕਹਿ ਲਓ ਜਾਂ ਵਿਸ਼ਵਾਸ, ਚੰਨ ਦੇ ਘਟਣ-ਵਧਣ ਨਾਲ ਮਨੁੱਖੀ ਸੁਭਾਅ ਵੀ ਜੁੜਿਆ ਹੋਇਆ ਹੈ। ਜਿਵੇਂ ਚੰਨ ਦੀਆਂ ਰਿਸ਼ਮਾਂ ਸਮੁੰਦਰ ਦੀਆਂ ਲਹਿਰਾਂ ਵਿੱਚ ਜਵਾਹਰ ਭਾਟੇ ਦੇ ਰੂਪ ਵਿੱਚ ਉਛਾਲ ਲਿਆਉਂਦੀਆਂ ਹਨ, ਉਸੇ ਤਰ੍ਹਾਂ ਚੰਨ ਦੇ ਘਟਣ-ਵਧਣ ਨਾਲ ਮਨੁੱਖੀ ਮਨ ਦੀਆਂ ਭਾਵਨਾਵਾਂ ਵਿੱਚ ਵੀ ਉਛਾਲ ਆਉਂਦਾ-ਜਾਂਦਾ ਰਹਿੰਦਾ ਹੈ। ਖਗੋਲ ਵਿਗਿਆਨ ਅਨੁਸਾਰ ਚੰਨ ਕੇਵਲ ਧਰਤੀ ਦਾ ਇੱਕ ਉੱਪਗ੍ਰਹਿ ਹੈ, ਪਰ ਪੰਜਾਬੀ ਸਾਹਿਤ ਪਰੰਪਰਾ ਵਿੱਚ ਸਭ ਤੋਂ ਵੱਧ ਲੋਕਪ੍ਰਿਅਤਾ ਇਸੇ ਗ੍ਰਹਿ ਨਾਲ ਜੁੜੀ ਹੋਈ ਹੈ। ਕਾਲੀ ਬੋਲੀ ਰਾਤ ਵਿੱਚ ਜਦੋਂ ਚੰਨ ਆਪਣੀ ਮਿੱਠੀ ਮਿੱਠੀ ਚਾਨਣੀ ਵੰਡਦਾ ਹੈ ਤਾਂ ਪੱਥਰ ਦਿਲਾਂ ਵਿੱਚ ਵੀ ਮੁਹੱਬਤ ਜਾਗ ਪੈਂਦੀ ਹੈ।
ਸੰਪਰਕ: 98782-24000