ਸੰਤੋਖ ਗਿੱਲ
ਗੁਰੂਸਰ ਸੁਧਾਰ, 8 ਜੁਲਾਈ
ਗੁਰਦੁਆਰਾ ਸਾਹਿਬ ਡੇਹਲੋਂ ਵਿੱਚ ਭਾਕਿਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਲੋਕ ਮਾਰੂ ਨੀਤੀਆਂ ਤਹਿਤ ਸਰਕਾਰ ਭਾਰਤ ਮਾਲਾ ਪ੍ਰਾਜੈਕਟ ਦੇ ਨਾਂ ਹੇਠ ਜ਼ਮੀਨਾਂ ਉੱਪਰ ਜਬਰੀ ਕਬਜ਼ੇ ਕਰ ਰਹੀ ਹੈ, ਉੱਥੇ ਭੂ-ਮਾਫ਼ੀਆ ਅਤੇ ਸੂਦਖ਼ੋਰ ਆੜ੍ਹਤੀਏ ਮਿਲ ਕੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਲੱਗੇ ਹੋਏ ਹਨ। ਪਿੰਡ ਜੌਲੀਆਂ ਦੇ ਕਿਸਾਨ ਅਵਤਾਰ ਸਿੰਘ ਨੂੰ ਇੱਕ ਸੂਦਖ਼ੋਰ ਆੜ੍ਹਤੀਏ ਅਤੇ ਭੂ-ਮਾਫ਼ੀਏ ਵੱਲੋਂ ਸਾਜ਼ਿਸ਼ ਤਹਿਤ ਕੁੱਟਮਾਰ ਅਤੇ ਅਗਵਾ ਕਰ ਕੇ ਖ਼ਾਲੀ ਪਰਨੋਟਾਂ ਅਤੇ ਕਾਗ਼ਜ਼ਾਂ ਉੱਪਰ ਦਸਖ਼ਤ-ਅੰਗੂਠੇ ਲਗਾ ਕੇ ਧੱਕੇ ਨਾਲ ਜ਼ਮੀਨ ਨਾਮ ਕਰਵਾ ਲਈ ਗਈ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਹੁਣ ਭੋਂ-ਮਾਫ਼ੀਆ ਅਤੇ ਸੂਦਖ਼ੋਰ ਆੜ੍ਹਤੀਆ ਇਸ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਕਿਸਾਨ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਸ਼ਾਸਨ ਵੀ ਉਨ੍ਹਾਂ ਦਾ ਸਾਥ ਦੇ ਰਿਹਾ ਹੈ। ਮੀਟਿੰਗ ਵਿੱਚ ਜਥੇਬੰਦੀ ਨੇ ਇਹ ਫ਼ੈਸਲਾ ਕੀਤਾ ਹੈ ਕਿ 15 ਜੁਲਾਈ ਨੂੰ ਪਿੰਡ ਜੌਲੀਆਂ ਵਿੱਚ ਮੋਰਚਾ ਲਾਇਆ ਜਾਵੇਗਾ। ਜਿਸ ਵਿੱਚ ਲੁਧਿਆਣਾ ਜ਼ਿਲ੍ਹੇ ਨੇ ਸਾਰੇ ਬਲਾਕਾਂ ਵੱਲੋਂ ਵੀ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ। ਮੀਟਿੰਗ ਵਿੱਚ ਚਿੰਤਾ ਪ੍ਰਗਟ ਕੀਤੀ ਗਈ ਹੈ ਕਿ ਸਰਕਾਰ ਬਿਨਾਂ ਮੁਆਵਜ਼ਾ ਦਿੱਤੇ ਧੱਕੇ ਨਾਲ ਭਾਰਤ ਮਾਲਾ ਪ੍ਰਾਜੈਕਟ ਤਹਿਤ ਕਬਜ਼ੇ ਕਰਨ ਦੇ ਰਾਹ ਪੈ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਮਿਲ ਕੇ ਜਲਦੀ ਹੀ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨ ਆਗੂ ਰਾਜਿੰਦਰ ਸਿੰਘ ਸਿਆੜ, ਜਗਮੀਤ ਸਿੰਘ ਕਲਾਹੜ, ਬਲਵੰਤ ਸਿੰਘ ਘੁਡਾਣੀ ਸਮੇਤ ਹੋਰ ਆਗੂ ਵੀ ਸ਼ਾਮਲ ਹੋਏ।