ਕਹਾਣੀ
ਪ੍ਰੀਤਮਾ ਦੋਮੇਲ
ਵਿਹਲੇ ਟਾਈਮ ਜਦੋਂ ਤੁਸੀਂ ਕਦੇ ਪਿੱਛੇ ਝਾਤੀ ਮਾਰਦੇ ਹੋ ਤਾਂ ਕਈ ਵਾਰੀ ਕੋਈ ਅਜਿਹੀ ਘਟਨਾ ਯਾਦ ਆ ਜਾਂਦੀ ਹੈ ਜੋ ਤੁਹਾਡੇ ਨਾਲ ਬੀਤੀ ਹੋਵੇ ਅਤੇ ਯਾਦ ਆਉਣ ’ਤੇ ਤੁਸੀਂ ਉਸ ਬੀਤੀ ਹੋਈ ਘਟਨਾ ’ਤੇ ਵੀ ਯਕੀਨ ਨਾ ਕਰ ਸਕੋ। ਮੈਂ ਆਪਣੀ ਜ਼ਿੰਦਗੀ ਦੀ ਇੱਕ ਅਜਿਹੀ ਹੀ ਘਟਨਾ ਅੱਜ ਤੁਹਾਨੂੰ ਦੱਸਣ ਲੱਗੀ ਹਾਂ। ਰੋਹਤਕ ਸ਼ਹਿਰ ਵਿੱਚ ਮੇਰੀ ਨਵੀਂ-ਨਵੀਂ ਨੌਕਰੀ ਲੱਗੀ ਸੀ। ਮਾਤਾ-ਪਿਤਾ ਕੈਥਲ ਰਹਿੰਦੇ ਸਨ। ਇਕੱਲਿਆਂ ਰਹਿਣ ਦੀ ਆਦਤ ਨਹੀਂ ਸੀ। ਮਸੀਂ-ਮਸੀਂ ਸ਼ਨਿੱਚਰਵਾਰ ਆਉਂਦਾ। ਅੱਧੇ ਦਿਨ ਤੋਂ ਬਾਅਦ ਛੁੱਟੀ ਹੁੰਦਿਆਂ ਹੀ ਸਟੇਸ਼ਨ ਵੱਲ ਨੂੰ ਭੱਜਦੇ। ਗੱਡੀ 3.30 ਵਜੇ ਰੋਹਤਕ ਤੋਂ ਚਲਦੀ ਤੇ ਸ਼ਾਮੀਂ ਛੇ-ਸੱਤ ਵਜੇ ਕੈਥਲ ਪੁੱਜ ਜਾਂਦੀ। ਵੱਡਾ ਭਰਾ ਜਾਂ ਬਾਪੂ ਜੀ ਸਟੇਸ਼ਨ ’ਤੇ ਮੈਨੂੰ ਲੈਣ ਆਏ ਹੁੰਦੇ। ਸਟੇਸ਼ਨ ਘਰ ਤੋਂ ਕਾਫ਼ੀ ਦੂਰ ਸੀ। ਫਿਰ ਸੋਮਵਾਰ ਤੜਕੇ ਹੀ ਉੱਥੋਂ ਕੋਈ ਗੱਡੀ ਫੜਦੀ ਤੇ ਸਵੇਰੇ 9 ਵਜੇ ਸਕੂਲ ਪਹੁੰਚ ਜਾਂਦੀ ਤੇ ਅੱਗੋਂ ਫਿਰ ਸ਼ਨਿੱਚਰਵਾਰ ਦੀ ਉਡੀਕ ਸ਼ੁਰੂ ਹੋ ਜਾਂਦੀ।
ਇਸੇ ਤਰ੍ਹਾਂ ਕਿਸੇ ਇੱਕ ਸ਼ਨਿੱਚਰਵਾਰ ਨੂੰ ਗੱਡੀ ਵਿੱਚ ਬੈਠੀ ਕੈਥਲ ਵੱਲ ਨੂੰ ਆ ਰਹੀ ਸਾਂ। ਉਦੋਂ ਗੱਡੀਆਂ ਵਿੱਚ ਏਨੀ ਭੀੜ ਨਹੀਂ ਸੀ ਹੁੰਦੀ। ਮੇਰੇ ਡੱਬੇ ਵਿੱਚ ਬਸ ਗਿਣੇ ਚੁਣੇ ਹੀ ਲੋਕ ਸਨ। ਪਤਾ ਨਹੀਂ ਕਿਹੜੇ ਸਟੇਸ਼ਨ ਤੋਂ ਪੰਜ-ਛੇ ਔਰਤਾਂ ਆ ਕੇ ਮੇਰੇ ਆਸੇ-ਪਾਸੇ ਬੈਠ ਗਈਆਂ ਤੇ ਉੱਚੀ ਉੱਚੀ ਗੱਲਾਂ ਕਰਨ ਲੱਗ ਪਈਆਂ। ਉਹ ਸ਼ਾਇਦ ਪਾਕਿਸਤਾਨ ਦੇ ਝੰਗ ਜ਼ਿਲ੍ਹੇ ਦੀਆਂ ਸਨ ਕਿਉਂਕਿ ਉਨ੍ਹਾਂ ਦੀ ਭਾਸ਼ਾ ਕੁਟੇਸਾਂ ਮਰੇਸਾਂ ਵਾਲੀ ਸੀ। ਗੱਲਾਂ ਕਰਦੀਆਂ ਕਰਦੀਆਂ ਉਹ ਲੜਨ ਲੱਗ ਪਈਆਂ ਤੇ ਫਿਰ ਇੱਕ ਦੂਜੀ ਦੀਆਂ ਗੁੱਤਾਂ ਪੁੱਟਣ ਤੇ ਕੁੱਟਣ ਲੱਗ ਪਈਆਂ। ਡੱਬੇ ’ਚ ਲੋਕਾਂ ਲਈ ਵਧੀਆ ਤਮਾਸ਼ਾ ਸੀ ਤੇ ਸਭ ਦਿਲਚਸਪੀ ਨਾਲ ਦੇਖ ਰਹੇ ਸੀ। ਮੇਰਾ ਵੀ ਪੂਰਾ ਧਿਆਨ ਉਨ੍ਹਾਂ ਵੱਲ ਸੀ। ਇਸੇ ਦੌਰਾਨ ਮੇਰਾ ਕੈਥਲ ਦਾ ਸਟੇਸ਼ਨ ਆਇਆ ਤੇ ਗੱਡੀ ਦੋ-ਚਾਰ ਮਿੰਟ ਰੁਕ ਕੇ ਅੱਗੇ ਤੁਰ ਗਈ ਤੇ ਮੈਂ ਉਨ੍ਹਾਂ ਦਾ ਤਮਾਸ਼ਾ ਹੀ ਦੇਖਦੀ ਰਹੀ। ਨਾਲ ਵਾਲੀ ਔਰਤ ਨੇ ਮੈਨੂੰ ਕਿਹਾ, ‘‘ਬੇਟਾ, ਤੂੰ ਤਾਂ ਕੈਥਲ ਉਤਰਨਾ ਸੀ। ਪਰ ਕੈਥਲ ਤਾਂ ਕਦੋਂ ਦਾ ਪਿੱਛੇ ਰਹਿ ਗਿਆ।’’ ‘‘ਹੈਂਅ…’’ ਮੈਂ ਘਬਰਾ ਕੇ ਇਕਦਮ ਡੱਬੇ ਦੇ ਦਰਵਾਜ਼ੇ ਵੱਲ ਨੂੰ ਭੱਜੀ। ਉਸ ਨੇ ਮੈਨੂੰ ਬਾਹੋਂ ਫੜ ਲਿਆ ਅਤੇ ਕਿਹਾ, ‘‘ਬਹਿ ਜਾ, ਹੁਣ ਗੱਡੀ ਅਗਲੇ ਸਟੇਸ਼ਨ ’ਤੇ ਹੀ ਰੁਕੇਗੀ।’’ ਸਰਦੀ ਦਾ ਮੌਸਮ ਸੀ। ਬਾਹਰ ਹਨੇਰਾ ਫੈਲ ਗਿਆ ਸੀ। ਘੰਟੇ ਕੁ ਬਾਅਦ ਸਟੇਸ਼ਨ ਆਇਆ ਤਾਂ ਮੈਂ ਭੱਜ ਕੇ ਹੇਠਾਂ ਉਤਰੀ। ਇਹ ਕਿਸੇ ਪਿੰਡ ਦਾ ਨਵਾਂ ਨਵਾਂ ਬਣਿਆ ਸਟੇਸ਼ਨ ਸੀ। ਸਟੇਸ਼ਨ ਦੇ ਆਸੇ-ਪਾਸੇ ਕੋਈ ਵੀ ਦੀਵਾਰ ਨਹੀਂ ਸੀ, ਨਾ ਕੋਈ ਢੰਗ ਦਾ ਫਰਸ਼ ਬਣਿਆ ਸੀ। ਕੇਵਲ ਰੋੜੀ ਪਾਈ ਹੋਈ ਸੀ ਤੇ ਨਾ ਕੋਈ ਲਾਈਟ ਸੀ। ਉੱਥੇ ਸਿਰਫ਼ ਪੁਰਾਣੀਆਂ ਜਿਹੀਆਂ ਦੋ ਕੁ ਲਾਲਟੈਣਾਂ ਸਨ। ਨਾ ਸਟੇਸ਼ਨ ਮਾਸਟਰ ਦਾ ਕੋਈ ਕਮਰਾ ਸੀ। ਤੰਬੂ ਜਿਹਾ ਤਾਣ ਕੇ ਕੋਠੜੀਨੁਮਾ ਕਮਰਾ ਬਣਾਇਆ ਹੋਇਆ ਸੀ। ਉਸ ਵਿੱਚ ਇੱਕ ਆਦਮੀ ਖੜ੍ਹਾ ਸੀ। ਮੈਂ ਉਸ ਦੇ ਸਾਹਮਣੇ ਜਾ ਕੇ ਪੁੱਛਿਆ, ‘‘ਭਾਈ ਸਾਹਿਬ, ਅਗਲੀ ਗੱਡੀ ਕਦ ਆਏਗੀ?’’ ਉਹ ਬੰਦਾ ਝਟਪਟ ਬਾਹਰ ਆ ਗਿਆ ਤੇ ਗੁੱਸੇ ਨਾਲ ਬੋਲਿਆ, ‘‘ਕਿਹੜੀ ਗੱਡੀ ਕਿੱਧਰੋਂ ਆਏਗੀ ਕਿੱਧਰ ਜਾਏਗੀ ਬਾਬਤ ਮੈਨੂੰ ਕੁਝ ਦੱਸੇਂਗੀ ਤਾਂ ਹੀ ਮੈਨੂੰ ਪਤਾ ਲੱਗੇਗਾ।’’ ਉਹ ਪਹਿਲਵਾਨਾਂ ਵਰਗਾ ਦਿਸਦਾ ਗੰਜਾ ਜਿਹਾ 40-45 ਸਾਲ ਦਾ ਬੰਦਾ ਸੀ। ਮੈਂ ਉਸ ਨੂੰ ਝਟਪਟ ਆਪਣੇ ਬਾਬਤ ਸਾਰਾ ਕੁਝ ਦੱਸ ਦਿੱਤਾ। ਸੁਣ ਕੇ ਉਸ ਦਾ ਲਹਿਜਾ ਬਿਲਕੁਲ ਬਦਲ ਗਿਆ। ਹੁਣ ਉਹ ਬੜੇ ਪਿਆਰ ਤੇ ਹਮਦਰਦੀ ਨਾਲ ਬੋਲਿਆ, ‘‘ਸੌਰੀ ਮੁੰਨੀ, ਤੇਰੇ ਨਾਲ ਇਹ ਕੁਝ ਹੋ ਗਿਆ। ਦੇਖ ਹੁਣ ਰਾਤ ਨੂੰ ਕੈਥਲ ਵੱਲ ਨੂੰ ਕੋਈ ਗੱਡੀ ਨਹੀਂ ਜਾਏਗੀ। ਪਰ ਤੂੰ ਚਿੰਤਾ ਨਾ ਕਰ, ਇੱਥੇ ਨਾਲ ਹੀ ਮੇਰਾ ਕੁਆਰਟਰ ਹੈ ਜਿੱਥੇੇ ਮੇਰਾ ਪਰਿਵਾਰ ਰਹਿੰਦਾ ਹੈ। ਹੁਣ ਤੂੰ ਰਾਤ ਨੂੰ ਉੱਥੇ ਆਰਾਮ ਕਰ। ਸਵੇਰੇ ਮੈਂ ਤੈਨੂੰ ਕੈਥਲ ਦੀ ਗੱਡੀ ’ਤੇ ਚੜ੍ਹਾ ਦਿਆਂਗਾ।’’ ਉਸੇ ਵੇਲੇ ਪਰਲੇ ਪਾਸੇ ਤੋਂ ਇੱਕ ਆਦਮੀ ਨੂੰ ਬੁਲਾ ਕੇ ਕਿਹਾ, ‘‘ਰਾਮ ਲਾਲ, ਜਾ ਕੇ ਇਸ ਬੀਬੀ ਨੂੰ ਮੇਰੇ ਘਰ ਛੱਡ ਆ।’’ ਉਸ ਦਾ ਘਰ ਸਟੇਸ਼ਨ ਦੇ ਪਿਛਲੇ ਪਾਸੇ ਹਨੇਰੇ ਵਿੱਚ ਡੁੱਬਿਆ ਸੀ। ਕੁੰਡਾ ਖੋਲ੍ਹ ਕੇ ਰਾਮ ਲਾਲ ਨੇ ਮੈਨੂੰ ਬਰਾਂਡੇ ਵਿੱਚ ਪਏ ਤਖ਼ਤ ਪੋਸ਼ ’ਤੇ ਬਿਠਾ ਦਿੱਤਾ ਤੇ ਇੱਕ ਲਾਲਟੈਣ ਬਾਲ ਕੇ ਮੇਰੇ ਕੋਲ ਰੱਖ ਕੇ ਚਲਾ ਗਿਆ। ਮੈਂ ਏਧਰ ਓਧਰ ਦੇਖਦੀ ਰਹੀ, ਪਰ ਮੈਨੂੰ ਤਾਂ ਉਸ ਘਰ ਵਿੱਚ ਕੋਈ ਜੀਅ ਨਜ਼ਰ ਹੀ ਨਾ ਆਇਆ। ਇੰਨੇ ਨੂੰ ਉਹੀ ਰਾਮ ਲਾਲ ਫੇਰ ਆਇਆ ਤੇ ਇੱਕ ਲਿਫ਼ਾਫ਼ਾ ਮੈਨੂੰ ਦੇ ਕੇ ਬੋਲਿਆ, ‘‘ਇਸ ਵਿੱਚ ਟਮਾਟਰ ਤੇ ਖੀਰੇ ਨਿੰਬੂ ਹਨ। ਤੂੰ ਇਨ੍ਹਾਂ ਦਾ ਸਲਾਦ ਕੱਟ ਲੈ। ਇੰਨੇ ਨੂੰ ਬਾਊ ਜੀ ਆ ਜਾਣਗੇ।’’ ਕਹਿ ਕੇ ਉਹ ਲਾਲਟੈਨ ਲੈ ਕੇ ਅੰਦਰੋਂ ਪਲੇਟ ਤੇ ਚਾਕੂ ਲੈ ਆਇਆ ਤੇ ਮੈਨੂੰ ਦੇ ਕੇ ਚਲਾ ਗਿਆ। ਪਰ ਪਤਾ ਨਹੀਂ ਕਿਉਂ ਦਰਵਾਜ਼ੇ ਵਿੱਚੋਂ ਮੁੜ ਕੇ ਆ ਕੇ ਬੋਲਿਆ, ‘‘ਦੇਖ ਬੀਬਾ, ਤੁੁੂੰ ਕੌਣ ਹੈ ਤੇ ਕਿੱਥੋਂ ਆਈ ਹੈ ਮੈਨੂੰ ਨਹੀਂ ਪਤਾ। ਪਰ ਮੈਨੂੰ ਤੇਰਾ ਇੱਥੇ ’ਕੱਲੀ ਦਾ ਰਹਿਣਾ ਠੀਕ ਨਹੀਂ ਲੱਗਦਾ ਕਿਉਂਕਿ ਬਾਊ ਜੀ ਦਾ ਇੱਥੇ ਕੋਈ ਪਰਿਵਾਰ ਨਹੀਂ ਰਹਿੰਦਾ।’’ ਮੈਂ ਰੋ ਰੋ ਕੇ ਉਸ ਨੂੰ ਸਾਰੀ ਕਹਾਣੀ ਸੁਣਾ ਦਿੱਤੀ। ਉਸ ਨੇ ਕਿਹਾ, ‘‘ਤੂੰ ਮੇਰੇ ਬੱਚਿਆਂ ਵਰਗੀ ਏਂ। ਜੇ ਤੈਨੂੰ ਮੇਰੇ ’ਤੇ ਭਰੋਸਾ ਹੈ ਤਾਂ ਚੱਲ ਉੱਠ ਨਿਕਲ ਇੱਥੋਂ।’’ ਅਸੀਂ ਦੋਵੇਂ ਜਣੇ ਸਟੇਸ਼ਨ ਦੇ ਪਿੱਛੋਂ ਪਿੱਛੋਂ ਦੀ ਹੋ ਕੇ ਗੱਡੀ ਦੀ ਲਾਈਨ ਦੇ ਨਾਲ ਨਾਲ ਚਲਦੇ ਗਏ। ਲੱਗਦਾ ਸੀ ਦੋ-ਚਾਰ ਦਿਨਾਂ ਵਿੱਚ ਮੀਂਹ ਪੈ ਕੇ ਹਟਿਆ ਸੀ। ਆਸੇ-ਪਾਸੇ ਤੋਂ ਡੱਡੂਆਂ ਦੀ ਟੈਂ ਟੈਂ ਦੀ ਆਵਾਜ਼ ਆ ਰਹੀ ਸੀ। ਠੰਢੀਆਂ ਹਵਾਵਾਂ ਤੇ ਠੰਢ ਜਿਵੇਂ ਸਰੀਰ ਨੂੰ ਸੁੰਨ ਕਰ ਰਹੀ ਸੀ। ਸ਼ਾਇਦ ਇੱਕ-ਡੇਢ ਕਿਲੋਮੀਟਰ ਚੱਲਣ ਤੋਂ ਬਾਅਦ ਅਸੀਂ ਇੱਕ ਪਿੰਡ ਵਿੱਚ ਪਹੁੰਚੇ। ਬਿਜਲੀ ਤਾਂ ਹੁੰਦੀ ਨਹੀਂ ਸੀ। ਉਦੋਂ ਓਪਰੇ ਬੰਦਿਆਂ ਨੂੰ ਦੇਖ ਪਿੰਡ ਦੇ ਆਵਾਰਾ ਕੁੱਤੇ ਸਾਡੇ ’ਤੇ ਝਪਟੇ।
ਜਦ ਪਿਆਰ ਨਾਲ ਪੁਚਕਾਰ ਕੇ ਰਾਮ ਲਾਲ ਨੇ ਉਨ੍ਹਾਂ ਨੂੰ ਕੁਝ ਕਿਹਾ ਤਾਂ ਉਹ ਸਾਰੇ ਭੱਜ ਗਏ। ਜਿਵੇਂ ਉਹ ਸਭ ਉਸ ਨੂੰ ਜਾਣਦੇ ਹੋਣ। ਫੇਰ ਰਾਮ ਲਾਲ ਨੇ ਜਾ ਕੇ ਇੱਕ ਘਰ ਦਾ ਬੂਹਾ ਖੜਕਾਇਆ। ਅੰਦਰੋਂ ਆਵਾਜ਼ ਆਈ, ‘‘ਕੌਣ ਹੈ?’’ ਉਸ ਨੇ ਕਿਹਾ, ‘‘ਭਾਪਾ ਜੀ, ਮੈਂ ਹਾਂ ਰਾਮ ਲਾਲ, ਬੂਹਾ ਖੋਲ੍ਹੋ।’’ ਝਟਪਟ ਅੰਦਰੋਂ ਆ ਕੇ 60-65 ਸਾਲ ਦੇ ਬਜ਼ੁਰਗ ਨੇ ਦਰਵਾਜ਼ਾ ਖੋਲ੍ਹਿਆ ਤੇ ਉਸ ਦੇ ਪਿੱਛੇ ਪਿੱਛੇ ਲਾਲਟੈਣ ਲੈ ਕੇ ਇੱਕ ਔਰਤ ਵੀ ਆ ਗਈ। ਰਾਮ ਲਾਲ ਨੇ ਖੜ੍ਹੇ ਖੜ੍ਹੇ ਨੇ ਸਾਰਾ ਕੁਝ ਦੱਸ ਦਿੱਤਾ। ਔਰਤ ਨੇ ਫਟਾਫਟ ਮੈਨੂੰ ਕੰਬਲ ਵਿੱਚ ਲਪੇਟ ਕੇ ਅੰਦਰ ਬਿਸਤਰੇ ’ਤੇ ਬਿਠਾ ਕੇ ਰਜਾਈ ਲਪੇਟ ਦਿੱਤੀ ਤੇ ਆਪ ਗਰਮ ਗਰਮ ਦੁੱਧ ਦੇ ਦੋ ਗਿਲਾਸ ਲਿਆ ਕੇ ਸਾਨੂੰ ਫੜਾ ਦਿੱਤੇ। ਬਜ਼ੁਰਗ ਨੇ ਪਿਆਰ ਨਾਲ ਰਾਮ ਲਾਲ ਦੇ ਮੋਢੇ ’ਤੇ ਹੱਥ ਰੱਖ ਕੇ ਕਿਹਾ, ‘‘ਸ਼ਾਬਾਸ਼ ਪੁੱਤਰ, ਤੂੰ ਇਹ ਬਹੁਤ ਪੁੰਨ ਦਾ ਕੰਮ ਕੀਤਾ ਹੈ ਕਿਉਂਕਿ ਇਸ ਤਰ੍ਹਾਂ ਸਟੇਸ਼ਨ ’ਤੇ ਵਿਛੜੀਆਂ ਕੁੜੀਆਂ ਕਦੇ ਘਰ ਨਹੀਂ ਪਹੁੰਚਦੀਆਂ।’’ ਥੋੜ੍ਹੀ ਦੇਰ ਬਾਅਦ ਮਾਤਾ ਜੀ ਨੇ ਮੈਨੂੰ ਮੱਕੀ ਦੀਆਂ ਗਰਮ ਗਰਮ ਰੋਟੀਆਂ ਨਾਲ ਸਰ੍ਹੋਂ ਦੇ ਸਾਗ ਵਿੱਚ ਕਾਫ਼ੀ ਸਾਰਾ ਮੱਖਣ ਪਾ ਕੇ ਖਾਣ ਨੂੰ ਦਿੱਤਾ ਤੇ ਬੋਲੀ, ‘‘ਧੀਏ, ਆਰਾਮ ਨਾਲ ਸੌਂ ਜਾ। ਹੁਣ ਤੂੰ ਆਪਣੇ ਘਰ ਵਿੱਚ ਹੈਂ।’’ ਰਾਮ ਲਾਲ ਨੇ ਕਿਹਾ, ‘‘ਅੱਛਾ ਭਾਪਾ ਜੀ ਮੈਂ ਚਲਦਾਂ, ਬਾਊ ਜੀ ਮੈਨੂੰ ਲੱਭਦੇ ਹੋਣਗੇ।’’
ਅਗਲੇ ਦਿਨ ਸਵੇਰੇ ਹੀ ਖਾ-ਪੀ ਕੇ ਲਾਲਾ ਜੀ ਉਸ ਸਟੇਸ਼ਨ ’ਤੇ ਕੈਥਲ ਵਾਲੀ ਗੱਡੀ ਵਿੱਚ ਚੜ੍ਹਾਉਣ ਲਈ ਮੈਨੂੰ ਲੈ ਆਏ। ਸਾਨੂੰ ਵੇਖ ਕੇ ਸਟੇਸ਼ਨ ਮਾਸਟਰ ਸਾਹਿਬ ਭੱਜ ਕੇ ਸਾਡੇ ਕੋਲ ਆ ਗਏ। ਲਾਲਾ ਜੀ ਝੱਟ ਬੋਲੇ, ‘‘ਬਸ ਕੁਝ ਕਹਿਣ ਦੀ ਲੋੜ ਨਹੀਂ। ਸਭ ਕੁਝ ਠੀਕ ਹੈ।’’ ਭਾਪਾ ਜੀ ਮੇਰੇ ਨਾਲ ਘਰ ਤੱਕ ਆਏ। ਬਾਪੂ ਜੀ ਜਿਹੜੇ ਗੁੱਸੇ ਤੇ ਚਿੰਤਾ ਨਾਲ ਥਰ ਥਰ ਕੰਬ ਰਹੇ ਸੀ, ਭਾਪਾ ਜੀ ਨੂੰ ਉਨ੍ਹਾਂ ਨੇ ਸਭ ਕੁਝ ਦੱਸ ਕੇ ਕਿਹਾ, ‘‘ਸਰਦਾਰ ਜੀ, ਬੱਚੀ ਦਾ ਕੋਈ ਕਸੂਰ ਨਹੀਂ ਇਹ ਹਾਦਸਾ ਸੀ ਤੇ ਹਾਦਸਿਆਂ ਦੇ ਵਾਪਰਨ ਦਾ ਕੋਈ ਸਮਾਂ, ਵਜ੍ਹਾ ਜਾਂ ਥਾਂ ਨਹੀਂ ਹੁੰਦੀ। ਬਸ ਤੁਸੀਂ ਵਾਹਿਗੁਰੂ ਦਾ ਸ਼ੁਕਰ ਕਰੋ, ਬੱਚੀ ਸਾਡੇ ਘਰੇ ਆ ਗਈ।’’ ਬਾਪੂ ਜੀ ਨੇ ਕਿਹਾ, ‘‘ਲਾਲਾ ਜੀ, ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ, ਤੁਹਾਡਾ ਬਹੁਤ ਅਹਿਸਾਨ ਹੈ ਮੇਰੇ ਉੱਤੇ।’’ ਕਹਿ ਕੇ ਉਨ੍ਹਾਂ ਨੇ ਭਾਪਾ ਜੀ ਨੂੰ ਜੱਫੀ ਪਾ ਲਈ। ਇੰਨੇ ਵਿੱਚ ਮੇਰੇ ਬੇਜੀ ਗਰਮ ਗਰਮ ਚਾਹ ਤੇ ਖੋਏ ਦੇ ਲੱਡੂ ਲੈ ਕੇ ਆ ਗਏ। ਫਿਰ ਉਨ੍ਹਾਂ ਨੇ ਭਾਪਾ ਜੀ ਨੂੰ ਇੱਕ ਗਰਮ ਲੋਈ ਦਿੱਤੀ ਤੇ ਉਨ੍ਹਾਂ ਦੇ ਘਰ ਦਾ ਪਤਾ ਲੈ ਕੇ ਬਾਪੂ ਜੀ ਉਨ੍ਹਾਂ ਨੂੰ ਬਸ ਚੜ੍ਹਾ ਆਏ।
ਫਿਰ ਉਨ੍ਹਾਂ ਨਾਲ ਬਾਪੂ ਜੀ ਦੀ ਖ਼ਤੋ-ਕਿਤਾਬਤ ਹੁੰਦੀ ਰਹੀ ਤੇ ਉਨ੍ਹਾਂ ਨਾਲ ਸਾਡਾ ਸਬੰਧ ਬਿਲਕੁਲ ਰਿਸ਼ਤੇਦਾਰਾਂ ਵਾਂਗੂੰ ਬਣਿਆ ਰਿਹਾ। ਇੱਕ ਸਾਲ ਬਾਅਦ ਜਦ ਮੇਰਾ ਵਿਆਹ ਹੋਇਆ ਤਾਂ ਭਾਪਾ ਜੀ ਤੇ ਮਾਤਾ ਜੀ ਦੋਵੇਂ ਜਣੇ ਆਏ ਤੇ ਮਾਤਾ ਜੀ ਇੱਕ ਬੜੀ ਸੋਹਣੀ ਸਿਤਾਰਿਆਂ ਵਾਲੀ ਚੁੰਨੀ ਮੈਨੂੰ ਦੇ ਕੇ ਬੋਲੇ, ‘‘ਬੇਟੀ ਲੈ, ਇਹ ਤੇਰੇ ਸੁਹਾਗ ਦੀ ਚੁੰਨੀ ਹੈ। ਕਈ ਸਾਲ ਪਹਿਲਾਂ ਮੈਂ ਇਹ ਚੁੰਨੀ ਆਪਣੀ ਸੁਦੇਸ਼ ਲਈ ਖ਼ਰੀਦੀ ਸੀ ਜੋ ਤੇਰੇ ਤਰ੍ਹਾਂ ਹੀ ਕਿਸੇ ਗ਼ਲਤ ਸਟੇਸ਼ਨ ’ਤੇ ਉੱਤਰ ਕੇ ਵਿਛੜ ਗਈ ਸੀ।’’ ਮੇਰਾ ਗਲਾ ਭਰ ਆਇਆ ਤੇ ਮੈਂ ਉਨ੍ਹਾਂ ਨੂੰ ਗਲ ਨਾਲ ਲਾ ਕੇ ਕਿਹਾ, ‘‘ਬਸ ਤੁਸੀਂ ਮੈਨੂੰ ਆਪਣੀ ਸੁਦੇਸ਼ ਹੀ ਸਮਝੋ। ਮੈਂ ਹਮੇਸ਼ਾ ਤੁਹਾਡਾ ਦੋਵਾਂ ਦਾ ਧਿਆਨ ਰੱਖਾਂਗੀ ਤੇ ਕਦੇ ਤੁਹਾਨੂੰ ਤੁਹਾਡੀ ਸੁਦੇਸ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿਆਂਗੀ।’’
ਹੁਣ ਉਸ ਗੱਲ ਨੂੰ ਕਾਫ਼ੀ ਸਾਲ ਬੀਤ ਗਏ ਹਨ। ਮਾਤਾ ਜੀ ਤੇ ਭਾਪਾ ਜੀ ਨਾਲ ਮੇਰਾ ਰਿਸ਼ਤਾ ਉਵੇਂ ਦਾ ਉਵੇਂ ਹੀ ਬੇਗਰਜ਼ ਤੇ ਨਰੋਇਆ ਹੈ ਤੇ ਉਹ ‘ਸਿਤਾਰਿਆਂ ਵਾਲੀ ਚੁੰਨੀ’ ਮੇਰੀ ਅਲਮਾਰੀ ਦੇ ਸਭ ਤੋਂ ਉਪਰਲੇ ਖਾਨੇ ਵਿੱਚ ਉਵੇਂ ਦੀ ਉਵੇਂ ਨਵੀਂ ਨਕੋਰ ਪਈ ਹੈ ਤੇ ਸਿਤਾਰਿਆਂ ਦੀ ਚਮਕ ਵੀ ਉਵੇਂ ਹੀ ਬਰਕਰਾਰ ਹੈ।
ਸੰਪਰਕ: 62841-55025