ਨਵੀਂ ਦਿੱਲੀ: ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਜੁਲਾਈ ਦੇ ਸ਼ੁਰੂਆਤੀ ਅੱਠ ਦਿਨਾਂ ’ਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਭਰਪੂਰ ਮੀਂਹ ਪਏ ਜਿਸ ਨੇ ਦੇਸ਼ ਭਰ ’ਚ ਮੀਂਹ ਦੀ ਸਾਰੀ ਕਸਰ ਪੂਰੀ ਕਰ ਦਿੱਤੀ। ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ 243.2 ਮਿਲੀਮੀਟਰ ਮੀਂਹ ਪਿਆ ਹੈ ਜੋ ਆਮ ਨਾਲੋਂ ਪੈਣ ਵਾਲੇ ਮੀਂਹ 239.1 ਐੱਮਐੱਮ ਤੋਂ ਦੋ ਫ਼ੀਸਦੀ ਵਧ ਹੈ। ਉਂਜ ਵੱਖ ਵੱਖ ਥਾਵਾਂ ’ਤੇ ਮੀਂਹ ਦੀ ਮਾਤਰਾ ’ਚ ਕਾਫ਼ੀ ਫਰਕ ਹੈ। ਮੌਸਮ ਵਿਭਾਗ ਦੇ ਤਾਜ਼ਾ ਅੰਕੜਿਆਂ ਮੁਤਾਬਕ ਪੂਰਬੀ ਅਤੇ ਉੱਤਰ-ਪੂਰਬੀ ਖ਼ਿੱਤੇ ’ਚ 17 ਫ਼ੀਸਦੀ ਘੱਟ ਵਰਖਾ ਹੋਈ ਹੈ ਜਦਕਿ ਉੱਤਰੀ ਭਾਰਤ ’ਚ 59 ਫ਼ੀਸਦੀ ਜ਼ਿਆਦਾ ਮੀਂਹ ਪਏ ਹਨ। ਮੱਧ ਭਾਰਤ ’ਚ ਆਮ ਨਾਲੋਂ ਚਾਰ ਫ਼ੀਸਦ ਜ਼ਿਆਦਾ ਮੀਂਹ ਪਏ ਹਨ ਜਦਕਿ ਦੱਖਣੀ ਭਾਰਤ ’ਚ ਮੀਂਹ ਦੀ ਕਮੀ 45 ਫ਼ੀਸਦੀ ਘਟ ਕੇ 23 ਫ਼ੀਸਦ ਰਹਿ ਗਈ ਹੈ। ਮੌਸਮ ਵਿਭਾਗ ਨੇ ਪਹਿਲਾਂ ਜੁਲਾਈ ’ਚ 94 ਤੋਂ 106 ਫ਼ੀਸਦ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਸੀ। ਉਧਰ ਉੱਤਰ-ਪੱਛਮੀ, ਉੱਤਰ-ਪੂਰਬੀ ਅਤੇ ਦੱਖਣ-ਪੂਰਬੀ ਭਾਰਤ ’ਚ ਕਈ ਥਾਵਾਂ ’ਤੇ ਆਮ ਨਾਲੋਂ ਘੱਟ ਮੀਂਹ ਪੈਣ ਦੀ ਉਮੀਦ ਹੈ। -ਪੀਟੀਆਈ