ਪੇਈਚਿੰਗ, 9 ਜੁਲਾਈ
ਮੱਧ ਚੀਨ ਦੇ ਹੁਬੇਈ ਪ੍ਰਾਂਤ ਵਿੱਚ ਇਕ ਸ਼ਾਹਰਾਹ ਦੇ ਨਿਰਮਾਣ ਦੌਰਾਨ ਢਿੱਗਾਂ ਡਿੱਗਣ ਦੀ ਘਟਨਾ ਤੋਂ ਬਾਅਦ ਨੌਂ ਲੋਕ ਲਾਪਤਾ ਹੋ ਗਏ। ਸਥਾਨਕ ਪ੍ਰਸ਼ਾਸਨ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਵੂਫੈਂਗ ਦੇ ਤੁਜੀਆ ਖ਼ੁਦਮੁਖਤਿਆਰ ਪ੍ਰਾਂਤ ਵਿੱਚ ਪੈਂਦੇ ਯੁਸ਼ਾਨ ਪਿੰਡ ’ਚ ਸ਼ਨਿਚਰਵਾਰ ਨੂੰ ਨਿਰਮਾਣ ਵਾਲੀ ਥਾਂ ’ਤੇ ਢਿੱਗਾਂ ਡਿੱਗੀਆਂ। ਪ੍ਰਾਂਤ ਦੇ ਅਧਿਕਾਰੀਆਂ ਨੇ ਤਾਜ਼ਾ ਬਿਆਨ ’ਚ ਕਿਹਾ ਕਿ ਹੁਣ ਤੱਕ ਪੰਜ ਵਿਅਕਤੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਜਦਕਿ ਨੌਂ ਹੋਰ ਅਜੇ ਲਾਪਤਾ ਹਨ। ਆਫਤ ਪ੍ਰਬੰਧਨ ਮੰਤਰਾਲੇ ਨੇ ਐਮਰਜੈਂਸੀ ਰਿਸਪੌਂਸ ਟੀਮ ਨੂੰ ਚੌਕਸ ਕਰ ਦਿੱਤਾ ਹੈ ਅਤੇ ਆਫਤ ਦੀ ਸਥਿਤੀ ਨਾਲ ਨਜਿੱਠਣ ਲਈ ਘਟਨਾ ਸਥਾਨ ’ਤੇ ਬਚਾਅ ਕਰਮੀਆਂ ਨੂੰ ਭੇਜਿਆ ਗਿਆ ਹੈ। -ਪੀਟੀਆਈ