ਦਾਰ ਅਸ ਸਲਾਮ, 9 ਜੁਲਾਈ
ਭਾਰਤ ਤੇ ਤਨਜ਼ਾਨੀਆ ਕਾਰੋਬਾਰ, ਨਿਵੇਸ਼, ਖੇਤੀਬਾੜੀ, ਰੱਖਿਆ ਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਸਹਿਯੋਗ ਦੇ ਨਵੇਂ ਖੇਤਰਾਂ ਦੀ ਪਛਾਣ ਕਰ ਕੇ ਆਪਣੇ ਸਬੰਧਾਂ ਨੂੰ ਹੋਰ ਵਧਾਉਣ ਲਈ ਇਕ ਖਾਕਾ ਤਿਆਰ ਕਰਨ ’ਤੇ ਸਹਿਮਤ ਹੋ ਗਏ ਹਨ। ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਨੇ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ਨਿਚਰਵਾਰ ਨੂੰ ਤਨਜ਼ਾਨੀਆ ਦੀ ਵਿਦੇਸ਼ ਮਾਮਲਿਆਂ ਤੇ ਪੂਰਬੀ ਅਫਰੀਕੀ ਸਹਿਯੋਗ ਮੰਤਰੀ ਸਟੈਰਗੋਮੈਨਾ ਟੈਕਸ ਨਾਲ ਇੱਥੇ 10ਵੇਂ ਭਾਰਤ-ਤਨਜ਼ਾਨੀਆ ਸਾਂਝੇ ਕਮਿਸ਼ਨ ਦੀ ਮੀਟਿੰਗ ਵਿੱਚ ਮੁਲਾਕਾਤ ਕੀਤੀ।
ਜੈਸ਼ੰਕਰ ਨੇ ਕਿਹਾ ਕਿ ਦੋਹਾਂ ਧਿਰਾਂ ਵਿਚਾਲੇ ਇਸ ਸਾਂਝੇ ਕਮਿਸ਼ਨ ’ਚ ਸਾਰਥਕ ਗੱਲਬਾਤ ਹੋਈ। ਉਨ੍ਹਾਂ ਕਿਹਾ, ‘‘ਇਸ ਨੇ ਸਾਨੂੰ ਆਪਣੇ ਸਬੰਧਾਂ ’ਤੇ ਨਵੇਂ ਸਿਰੇ ਤੋਂ ਗੌਰ ਕਰਨ ਦਾ ਇਕ ਮੌਕਾ ਦਿੱਤਾ। ਇਸ ਦੌਰਾਨ ਅਸੀਂ ਇਸ ਬਾਰੇ ਵੀ ਚਰਚਾ ਕੀਤੀ ਕਿ ਅਜਿਹੇ ਕਿਹੜੇ ਨਵੇਂ-ਨਵੇਂ ਖੇਤਰ ਹਨ ਜਿਨ੍ਹਾਂ ਵਿੱਚ ਅਸੀਂ ਸਹਿਯੋਗ ਨੂੰ ਹੋਰ ਵਧਾ ਸਕਦੇ ਹਾਂ। ਨਾਲ ਹੀ, ਅਸੀਂ ਉਨ੍ਹਾਂ ਖੇਤਰਾਂ ਵਿੱਚ ਵੀ ਆਪਣਾ ਸਹਿਯੋਗ ਮਜ਼ਬੂਤ ਕਰਨ ’ਤੇ ਸਹਿਮਤ ਹੋਏ ਜਿਨ੍ਹਾਂ ’ਤੇ ਅਸੀਂ ਸਾਲਾਂ ਤੋਂ ਕੰਮ ਕਰ ਰਹੇ ਹਾਂ।’’ ਦੋਹਾਂ ਧਿਰਾਂ ਨੇ ਆਈਸੀਟੀ (ਸੂਚਨਾ ਤੇ ਸੰਚਾਰ ਤਕਨਾਲੋਜੀ) ਅਤੇ ਤਕਨਾਲੋਜੀ ਵਿੱਚ ਸਹਿਯੋਗ ਵਧਾਉਣ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਅਸੀਂ ਦੋਹਾਂ ਦੇਸ਼ਾਂ ਵਿਚਾਲੇ ਸਿਖਲਾਈ ਤੇ ਆਦਾਨ-ਪ੍ਰਦਾਨ ਵਧਾਉਣ ਬਾਰੇ ਗੱਲਬਾਤ ਕੀਤੀ। ਅਸੀਂ ਭਾਰਤ ਤੇ ਤਨਜ਼ਾਨੀਆ ਵਿਚਾਲੇ ਸਿਹਤ, ਖੇਤੀਬਾੜੀ, ਰੱਖਿਆ ਤੇ ਸਿੱਖਿਆ ਵਰਗੇ ਨਵੇਂ ਖੇਤਰਾਂ ਨੂੰ ਹੁਲਾਰਾ ਦੇਣ ’ਤੇ ਵਿਚਾਰ ਕੀਤਾ।’’ ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਤਨਜ਼ਾਨੀਆ ਵਿਚਾਲੇ ਸਾਲਾਂ ਤੋਂ ਬਹੁਤ ਮਜ਼ਬੂਤ ਸਬੰਧ ਰਹੇ ਹਨ। ਉਨ੍ਹਾਂ ਕਿਹਾ, ‘‘ਸਾਡੀ ਆਜ਼ਾਦੀ ਦੀ ਸ਼ੁਰੂਆਤ ਤੋਂ ਹੀ ਸਾਡੇ ਵਿਚਾਲੇ ਹਮੇਸ਼ਾ ਬਿਹਤਰ ਸਮਝ ਰਹੀ ਹੈ। ਅੱਜ ਇਹ ਬਹੁਤ ਮਜ਼ਬੂਤ ਆਰਥਿਕ ਭਾਗੀਦਾਰੀ ਵਿੱਚ ਝਲਕਦਾ ਹੈ। ਸਾਡਾ ਸਾਲਾਨਾ ਲਗਪਗ ਸਾਢੇ ਛੇ ਅਰਬ ਡਾਲਰ ਦਾ ਵਪਾਰ ਹੁੰਦਾ ਹੈ।’’ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੀ ਵਿਕਾਸ ਸਾਂਝੇਦਾਰੀ ਬਾਰੇ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਦੋਹਾਂ ਦੇਸ਼ਾਂ ਵਿਚਾਲੇ ਜਲ ਸਾਂਝੇਦਾਰੀ ’ਤੇ ਮਾਣ ਹੈ। ਉਨ੍ਹਾਂ ਕਿਹਾ, ‘‘ਜਲ ਸਾਂਝੇਦਾਰੀ ਵਿੱਚ ਲਗਪਗ ਇਕ ਅਰਬ ਡਾਲਰ ਦਾ ਆਸਾਨ ਕਰਜ਼ਾ ਸ਼ਾਮਲ ਹੈ ਜਿਹੜਾ ਕਿ ਪ੍ਰਾਜੈਕਟਾਂ ਦੇ ਪੂਰਾ ਹੋਣ ’ਤੇ 80 ਲੱਖ ਤਨਜ਼ਾਨੀਆ ਵਾਸੀਆਂ ਨੂੰ ਸੁਰੱਖਿਅਤ ਪੀਣ ਵਾਲਾ ਪਾਣੀ ਪ੍ਰਦਾਨ ਕਰੇਗਾ। ਮੈਨੂੰ ਲੱਗਦਾ ਹੈ ਕਿ ਇਸ ਵਿੱਚ ਇਸ ਦੇਸ਼ ਦੇ 28 ਕਸਬੇ ਸ਼ਾਮਲ ਹੋਣਗੇ ਅਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਇਸ ਤਰ੍ਹਾਂ ਦੀ ਇਕ ਵੱਡੀ ਵਿਕਾਸਸ਼ੀਲ ਪਹਿਲ ਨਾਲ ਜੁੜੇ।’’ ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ ਇਹ ਇਕ ਬਹੁਤ ਹੀ ਸਾਰਥਕ ਦੌਰਾ ਰਿਹਾ ਹੈ। -ਪੀਟੀਆਈ