ਕੀਵ, 10 ਜੁਲਾਈ
ਦੱਖਣੀ ਯੂਕਰੇਨ ਵਿੱਚ ਸਥਿਤ ਇਕ ਸਕੂਲ ’ਤੇ ਹੋਏ ਰੂਸੀ ਹਵਾਈ ਹਮਲੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਹ ਵਿਅਕਤੀ ਮਨੁੱਖੀ ਸਹਾਇਤਾ ਪ੍ਰਾਪਤ ਕਰਨ ਲਈ ਇਕੱਤਰ ਹੋਏ ਸਨ। ਯੂਕਰੇਨ ਦੇ ਜ਼ੈਪੋਰਿਜ਼ੀਆ ਖਿੱਤੇ ਦੇ ਗਵਰਨਰ ਨੇ ਅੱਜ ਇਸ ਹਮਲੇ ਨੂੰ ‘ਜੰਗੀ ਅਪਰਾਧ’ ਕਰਾਰ ਦਿੱਤਾ। ਗਵਰਨਰ ਯੂਰੀ ਮਾਲਾਸ਼ਕੋ ਨੇ ਕਿਹਾ ਕਿ ਓਰੀਖਿਵ ਸ਼ਹਿਰ ਵਿੱਚ ਐਤਵਾਰ ਨੂੰ ਹੋਏ ਹਮਲੇ ਵਿੱਚ ਤਿੰਨ ਔਰਤਾਂ ਤੇ ਇਕ ਪੁਰਸ਼ ਦੀ ਮੌਤ ਹੋ ਗਈ। ਇਹ ਸਾਰੇ ਉਮਰ ਦੇ 40ਵਿਆਂ ’ਚ ਸਨ।
ਉਨ੍ਹਾਂ ਕਿਹਾ ਕਿ ਸਕੂਲ ’ਤੇ ਅਸਮਾਨ ਤੋਂ ਅਚਨਚੇਤ ਇਕ ਬੰਬ ਡਿੱਗਿਆ ਤੇ ਇਸ ਹਮਲੇ ਵਿੱਚ 11 ਹੋਰ ਜਣੇ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਅੱਜ ਦਿਨ ਭਰ ਵਿੱਚ ਰੂਸ ਨੇ ਪ੍ਰਾਂਤ ’ਚ 10 ਥਾਈਂ ਹਮਲੇ ਕੀਤੇ। ਹਾਲਾਂਕਿ, ਰੂਸ ਨੇ ਆਮ ਨਾਗਰਿਕਾਂ ਵਾਲੀਆਂ ਥਾਵਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਫਰਵਰੀ 2022 ਵਿੱਚ ਗੁਆਂਢੀ ਮੁਲਕ ਯੂਕਰੇਨ ’ਚ ਵੜ ਕੇ ਜੰਗ ਸ਼ੁਰੂ ਕਰਨ ਤੋਂ ਬਾਅਦ ਰੂਸ ’ਤੇ ਕਈ ਵਾਰ ਅਜਿਹਾ ਕਰਨ ਤੇ ਜੰਗੀ ਅਪਰਾਧ ਕਰਨ ਦੇ ਦੋਸ਼ ਲੱਗ ਚੁੱਕੇ ਹਨ। ਮਾਰਚ ਵਿੱਚ ਕੌਮਾਂਤਰੀ ਅਪਰਾਧਿਕ ਅਦਾਲਤ ਨੇ ਜੰਗੀ ਅਪਰਾਧਾਂ ਦੇ ਦੋਸ਼ ਹੇਠ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਨਿ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ। ਅਦਾਲਤ ਦਾ ਕਹਿਣਾ ਸੀ ਕਿ ਯੂਕਰੇਨ ’ਚੋਂ ਬੱਚਿਆਂ ਨੂੰ ਕੱਢਣਾ ਪੂਤਨਿ ਦੀ ਜ਼ਿੰਮੇਵਾਰੀ ਹੈ। ਜ਼ੈਪੋਰਿਜ਼ੀਆ ਪ੍ਰਾਂਤ ਵਿੱਚ ਯੂਰੋਪ ਦਾ ਸਭ ਤੋਂ ਵੱਡਾ ਪਰਮਾਣੂ ਊਰਜਾ ਪਲਾਂਟ ਹੈ ਜਿਸ ’ਤੇ ਰੂਸ ਨੇ ਜੰਗ ਦੇ ਸ਼ੁਰੂ ਵਿੱਚ ਹੀ ਕਬਜ਼ਾ ਕਰ ਲਿਆ ਸੀ ਅਤੇ ਇਹ ਉਨ੍ਹਾਂ ਚਾਰ ਖੇਤਰਾਂ ’ਚੋਂ ਇਕ ਹੈ ਜਨਿ੍ਹਾਂ ਉੱਤੇ ਪੂਤਨਿ ਨੇ ਪਿਛਲੇ ਸਾਲ ਗੈਰ-ਕਾਨੂੰਨੀ ਤੌਰ ’ਤੇ ਕਬਜ਼ਾ ਕਰ ਲਿਆ ਸੀ। ਯੂਕਰੇਨੀ ਰਾਸ਼ਟਰਪਤੀ ਦਫ਼ਤਰ ਤੋਂ ਜਾਰੀ ਇਕ ਬਿਆਨ ਮੁਤਾਬਕ ਰੂਸੀ ਹਵਾਈ ਸੈਨਾ ਨੇ ਐਤਵਾਰ ਤੇ ਸੋਮਵਾਰ ਵਿਚਾਲੇ ਯੂਕਰੇਨ ਵਿੱਚ ਲਗਾਤਾਰ ਹਮਲੇ ਕੀਤੇ। ਦੋਨੇਤਸਕ ਖੇਤਰ ਵਿੱਚ ਰੂਸ ਨੇ ਜੰਗੀ ਜਹਾਜ਼, ਮਿਜ਼ਾਈਲਾਂ ਦਾ ਇਸਤੇਮਾਲ ਕਰਦੇ ਹੋਏ ਛੇ ਸ਼ਹਿਰਾਂ ਤੇ ਪਿੰਡਾਂ ਦੇ ਰਿਹਾਇਸ਼ੀ ਖੇਤਰਾਂ ’ਚ ਭਾਰੀ ਗੋਲੀਬਾਰੀ ਕੀਤੀ। ਇਸ ਦੌਰਾਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸੇ ਤਰ੍ਹਾਂ ਰੂਸੀ ਫ਼ੌਜ ਨੇ ਖਰਗੋਨ ਦੇ ਰਿਹਾਇਸ਼ੀ ਖੇਤਰਾਂ ’ਚ ਹਮਲੇ ਕੀਤੇ, ਜਿਸ ਵਿੱਚ ਇਕ 66 ਸਾਲ ਦੀ ਔਰਤ ਜ਼ਖ਼ਮੀ ਹੋ ਗਈ। -ਏਪੀ
ਬਗਾਵਤ ਮਗਰੋਂ ਪ੍ਰਿਗੋਜ਼ਨਿ ਨੂੰ ਮਿਲੇ ਸਨ ਪੂਤਨਿ
ਕੀਵ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਨਿ ਨੇ ਨਿੱਜੀ ਫ਼ੌਜੀ ਸਮੂਹ ‘ਵੈਗਨਰ’ ਦੀ ਬਗਾਵਤ ਤੋਂ ਕੁਝ ਦਿਨਾਂ ਬਾਅਦ ਉਸ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਨਿ ਨਾਲ ਮੁਲਾਕਾਤ ਕੀਤੀ ਸੀ। ਰੂਸੀ ਰਾਸ਼ਟਰਪਤੀ ਦਫਤਰ ‘ਕ੍ਰੈਮਲਨਿ’ ਦੇ ਤਰਜਮਾਨ ਨੇ ਇਹ ਜਾਣਕਾਰੀ ਦਿੱਤੀ। ਕ੍ਰੈਮਲਨਿ ਦੇ ਤਰਜਮਾਨ ਦਮਿੱਤਰੀ ਪੈਸਕੋਵ ਨੇ ਅੱਜ ਕਿਹਾ ਕਿ ਤਿੰਨ ਘੰਟੇ ਦੀ ਮੀਟਿੰਗ 29 ਜੂਨ ਨੂੰ ਹੋਈ ਸੀ ਅਤੇ ਇਸ ਵਿੱਚ ਪ੍ਰਿਗੋਜ਼ਨਿ ਦੇ ਫ਼ੌਜੀ ਸਮੂਹ ਦੇ ਕਮਾਂਡਰ ਵੀ ਸ਼ਾਮਲ ਸਨ। ਵੈਗਨਰ ਦੇ ਭਾੜੇ ਦੇ ਸੈਨਿਕਾਂ ਨੇ ਯੂਕਰੇਨ ਵਿੱਚ ਰੂਸੀ ਸੈਨਿਕਾਂ ਨਾਲ ਲੜਾਈ ਲੜੀ ਹੈ। ਪ੍ਰਿਗੋਜ਼ਨਿ ਦਾ ਰੂਸ ਦੇ ਚੋਟੀ ਦੇ ਫ਼ੌਜੀ ਅਧਿਕਾਰੀਆਂ ਨਾਲ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ ਜਿਸ ਦੀ ਸਮਾਪਤੀ 24 ਜੂਨ ਨੂੰ ਹਥਿਆਰਬੰਦ ਬਗਾਵਤ ਵਜੋਂ ਹੋਈ। ਪ੍ਰਿਗੋਜ਼ਨਿ ਨੇ ਬੇਲਾਰੂਸ ਵਿੱਚ ਜਲਾਵਤਨੀ ਦੇ ਇਕ ਸਮਝੌਤੇ ਤੋਂ ਬਾਅਦ ਬਗਾਵਤ ਖ਼ਤਮ ਕਰ ਦਿੱਤੀ ਸੀ। -ਏਪੀ