ਸੰਜੀਵ ਤੇਜਪਾਲ
ਮੋਰਿੰਡਾ, 10 ਜੁਲਾਈ
ਤਿੰਨ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਕਾਰਨ ਮੋਰਿੰਡਾ ਵਿੱਚ ਮੀਂਹ ਦੇ ਪਾਣੀ ਨੇ ਚਾਲੀ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੋਰਿੰਡਾ ਨੇੜਲੇ ਪਿੰਡ ਆਲਮਪੁਰ ਤੋਂ ਲੈ ਕੇ ਨੌਗਾਵਾਂ ਤੱਕ ਰੇਲ ਦੀ ਪਟੜੀ ਮੀਂਹ ਦੇ ਪਾਣੀ ਕਾਰਨ ਟੁੱਟ ਗਈ, ਜਿਸ ਕਾਰਨ ਮੋਰਿੰਡਾ ਵਿੱਚ ਰੇਲ ਸੇਵਾ ਦਾ ਸੰਪਰਕ ਬਿਲਕੁਲ ਟੁੱਟ ਗਿਆ। ਖਰੜ-ਕੁਰਾਲੀ ਪਾਸੇ ਤੋਂ ਮੀਂਹ ਦਾ ਪਾਣੀ ਇਕੱਠਾ ਹੋ ਕੇ ਬੱਸ ਸਟੈਂਡ ਮੋਰਿੰਡਾ ਨਜ਼ਦੀਕ ਬਣੇ ਰੇਲਵੇ ਅੰਡਰ ਬਰਿੱਜ ਰਾਹੀਂ ਸ਼ਹਿਰ ਵਿੱਚ ਦਾਖ਼ਲ ਹੋ ਗਿਆ ਜਿਸ ਨੇ ਕਾਈਨੌਰ ਬਾਜ਼ਾਰ, ਪੁਰਾਣੀ ਬੱਸੀ ਬਾਜ਼ਾਰ, ਗੁਰਦੁਆਰਾ ਰਾਮਗੜ੍ਹੀਆ ਬਾਜ਼ਾਰ, ਗਾਰਡਨ ਕਲੋਨੀ, ਸੰਤ ਨਗਰ, ਰੈਸਟ ਹਾਊਸ ਵਾਲੇ ਇਲਾਕੇ ਵਿੱਚ ਪਾਣੀ ਹੀ ਪਾਣੀ ਕਰ ਦਿੱਤਾ। ਇੱਥੇ ਇੱਕ ਫੁੱਟ ਤੋਂ ਲੈ ਕੇ ਪੰਜ ਫੁੱਟ ਤੱਕ ਪਾਣੀ ਭਰ ਗਿਆ, ਜਿਸ ਨਾਲ ਲੋਕਾਂ ਨੂੰ ਆਪਣਾ ਸਾਮਾਨ ਚੁੱਕਣ ਦਾ ਵੀ ਮੌਕਾ ਨਹੀਂ ਮਿਲਿਆ। ਕਾਈਨੌਰ ਬਾਜ਼ਾਰ ਦੀਆਂ ਅੱਧੀਆਂ ਦੁਕਾਨਾਂ ਵਿੱਚ ਪਾਣੀ ਭਰਨ ਕਾਰਨ ਦੁਕਾਨਦਾਰਾਂ ਦਾ ਕਰੋੜਾਂ ਦਾ ਨੁਕਸਾਨ ਕਰ ਦਿੱਤਾ। ਬਿਜਲੀ ਘਰ ਵਿੱਚ ਪਾਣੀ ਵੜ ਜਾਣ ਕਾਰਨ ਤਿੰਨ ਦਿਨ ਬਾਅਦ ਵੀ ਖਬਰ ਲਿਖਣ ਤੱਕ ਬਿਜਲੀ ਨਹੀਂ ਆਈ। ਇਸ ਕਾਰਨ ਪੀਣ ਵਾਲੇ ਪਾਣੀ ਦੀ ਵੀ ਕਿੱਲਤ ਰਹੀ। ਇਸ ਤੋਂ ਇਲਾਵਾ ਮੋਰਿੰਡਾ ਇਲਾਕੇ ਦੇ ਲਗਪਗ ਸਾਰੇ ਪਿੰਡਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬ ਚੁੱਕੀਆਂ ਹਨ, ਪਿੰਡ ਚਲਾਕੀ, ਡੂਮਛੇੜੀ, ਆਲਮਪੁਰ, ਬਹਬਿਲਪੁਰ, ਸੰਗਤਪੁਰਾ, ਰਸੂਲਪੁਰ, ਢੋਲਣਮਾਜਰਾ, ਆਦਿ ਸਾਰੇ ਹੀ ਪਿੰਡਾਂ ਦੇ ਖੇਤਾਂ ਵਿੱਚ ਚਾਰ-ਚਾਰ ਫੁੱਟ ਪਾਣੀ ਵੜ ਗਿਆ। ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਸੰਤ ਨਗਰ ਇਲਾਕੇ ’ਚੋਂ ਪਿੰਡਾਂ ਤੋਂ ਆਏ ਟਰੈਕਟਰਾਂ ਦੀ ਮਦਦ ਨਾਲ ਘਰਾਂ ਚੋਂ ਲੋਕਾਂ ਨੂੰ ਕੱਢਿਆ ਤੇ ਗੁਰਦੁਆਰਾ ਕੋਤਵਾਲੀ ਸਾਹਿਬ ਨਜ਼ਦੀਕ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਠਹਿਰਾਇਆ। ਇਸ ਤੋਂ ਇਲਾਵਾ ਐੱਨਡੀਆਰਐੱਫ ਦੀ ਟੀਮ ਨੇ ਵੀ ਲੋਕਾਂ ਦੇ ਰਹਿਣ ਦਾ ਪ੍ਰਬੰਧ ਕੀਤਾ। ਜਦੋਂ ਐੱਸਡੀਓ ਮੋਰਿੰਡਾ ਬਿਜਲੀ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਬਿਜਲੀ ਦੇ ਗਰਿੱਡ ਵਿੱਚ ਪਾਣੀ ਬਹੁਤ ਆ ਚੁੱਕਿਆ ਹੈ ਉਹ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ, ਜਦੋਂ ਵੀ ਪਾਣੀ ਨਿਕਲੇਗਾ ਬਿਜਲੀ ਸੇਵਾ ਚਾਲੂ ਕਰ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਵਾਟਰ ਟਰੀਟਮੈਂਟ ਪਲਾਂਟ ਜਾਇਜ਼ਾ
ਮੋਰਿੰਡਾ(ਪੱਤਰ ਪ੍ਰੇਰਕ): ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਤੇਜ਼ ਬਾਰਸ਼ ਦੇ ਚੱਲਦਿਆਂ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਨਿਰਵਿਘਨ ਅਤੇ ਯਕੀਨੀ ਬਣਾਉਣ ਲਈ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸੋਮਵਾਰ ਨੂੰ ਵਾਟਰ ਟਰੀਟਮੈਂਟ ਪਲਾਂਟ (ਮੇਨ ਪੰਪ ਹਾਊਸ) ਫੇਜ਼-6 ਦਾ ਦੌਰਾ ਕਰਕੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਆਮ ਨਾਗਰਿਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨਿਰਵਿਘਨ ਬਣਾਉਣ ਲਈ ਜਲ ਸਪਲਾਈ ਘਰਾਂ ਵਿੱਚ ਪਾਣੀ ਜਮ੍ਹਾ ਹੋਣ ਦੀ ਸੂਰਤ ਵਿੱਚ ਤੁਰੰਤ ਖਾਲੀ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜਲਘਰ ਮੁਹਾਲੀ ਵਿੱਚ ਮੀਂਹ ਦਾ ਪਾਣੀ ਭਰਨ ਅਤੇ ਬਿਜਲੀ ਦੀ ਸਮੱਸਿਆ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਤੋਂ ਬਾਅਦ ਹੁਣ ਮੁੜ ਤੋਂ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।