ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਜੁਲਾਈ
ਖੇਤੀਬਾੜੀ ਮੌਸਮੀ ਹਾਲਾਤ ਕਾਰਨ ਲੜਖੜਾ ਚੁੱਕੀ ਹੈ ਪ੍ਰੰਤੂ ਪੰਜਾਬ ਸਰਕਾਰ ਦਾ ਕੋਈ ਵੀ ਵਿਧਾਇਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਚਿੰਤਤ ਨਜ਼ਰ ਨਹੀਂ ਆ ਰਿਹਾ। ਇਹ ਗੱਲ ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੈਂਬਰਾਂ ਰਜਿੰਦਰ ਸਿਘ ਕੋਟ ਪਨੈਚ, ਪ੍ਰਗਟ ਸਿੰਘ ਅਤੇ ਨੇਤਰ ਸਿੰਘ ਨਾਗਰਾ ਨੇ ਕਹੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੱਕੀ ਅਤੇ ਮੂੰਗੀ ਦੀ ਫਸਲ ਅਨਾਜ ਮੰਡੀਆਂ ਵਿਚ ਰੁਲ ਰਹੀ ਹੈ ਕਿਉਂਕਿ ਫਸਲਾਂ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੱਥੇਬੰਦੀ ਪੰਜਾਬ ਦੇ ਭੱਖਦੇ ਮੁੱਦਿਆਂ ਪ੍ਰਤੀ ਪੂਰਨ ਤੌਰ ’ਤੇ ਸੁਚੇਤ ਹੈ ਇਸੇ ਤਹਿਤ ਪਾਣੀਆਂ ਨੂੰ ਬਚਾਉਣ ਲਈ ਜ਼ਿਲ੍ਹਾ ਵਾਰ ਕਾਨਫਰੰਸਾਂ ਕਰਕੇ ਹਰ ਵਰਗ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਪਾਣੀਆਂ ਦੇ ਮੁੱਦੇ ਤੇ ਵਿੱਢੇ ਜਾ ਰਹੇ ਵੱਡੇ ਅੰਦੋਲਨ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਸਕਣ। ਉਪਰੋਕਤ ਆਗੂਆਂ ਨੇ ਲੋਕਾਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ ਕਿਉਂਕਿ ਕੇਂਦਰ ਤੇ ਰਾਜ ਸਰਕਾਰਾਂ ਇਕੋ ਸਿੱਕੇ ਦੇ ਦੋ ਪਾਸੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਧਮੋਟ, ਬਹਾਲ ਸਿੰਘ ਨਾਗਰਾ, ਜਗਵੀਰ ਸਿੰਘ, ਅਮਨਜੋਤ ਸਿੰਘ ਆਦਿ ਹਾਜ਼ਰ ਸਨ।