ਪੱਤਰ ਪ੍ਰੇਰਕ
ਨਵਾਂਸ਼ਹਿਰ, 11 ਜੁਲਾਈ
ਪਿੰਡ ਚੂਹੜਪੁਰ ਵਾਸੀਆਂ ਨੇ ਬਿਸਤ ਦੁਆਬ ਨਹਿਰ ਪਿੰਡ ਸਿੰਬਲੀ ਵਿਚ ਬਣ ਰਹੇ ਹੈੱਡ ਨੂੰ ਟੁੱਟਣ ਤੋਂ ਬਚਾ ਕੇ ਨਵਾਂਸ਼ਹਿਰ ਨੂੰ ਵੱਡੀ ਮਾਰ ਤੋਂ ਬਚਾਅ ਲਿਆ। ਜਾਣਕਾਰੀ ਅਨੁਸਾਰ ਬਿਸਤ ਦੁਆਬ ਨਹਿਰ ਵਿਚ ਚੋਅ ਦਾ ਪਾਣੀ ਅਤੇ ਕੁੱਝ ਪਿੰਡਾਂ ਵਲੋਂ ਪਾਣੀ ਪਾਉਣ ਕਰਕੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ’ਤੇ ਚਲਾ ਗਿਆ ਸੀ। ਦੂਸਰੇ ਪਾਸੇ ਪਿੰਡ ਸਿੰਬਲੀ ਸਾਈਫਨ ’ਤੇ ਬਣ ਰਿਹਾ ਹੈੱਡ ਅਧੂਰਾ ਹੋਣ ਕਰਕੇ ਉਸਨੂੰ ਮਿੱਟੀ ਨਾਲ ਰੋਕ ਕੇ ਕੰਮ ਚਲਾਇਆ ਜਾ ਰਿਹਾ ਸੀ ਜੇ ਸਮਾਂ ਰਹਿੰਦੇ ਪਿੰਡ ਚੂਹੜਪੁਰ ਦੇ ਵਾਸੀ ਉਕਤ ਬੰਨ੍ਹ ਨੂੰ ਮਿੱਟੀ ਦੇ ਥੈਲੇ ਭਰ ਕੇ ਨਾ ਮਜ਼ਬੂਤ ਕਰਦੇ ਤਾਂ ਪਿੰਡ ਚੂਹੜਪੁਰ, ਕੁਲਾਮ, ਕੱਲਰਾਂ ਮੁਹੱਲਾ, ਨਵਾਂਸ਼ਹਿਰ ਸ਼ਹਿਰ, ਮਹਿੰਦੀਪੁਰ, ਅਲੀਪੁਰ, ਦੁਰਗਾਪੁਰ ਵਿਚ ਵੱਡੀ ਤਬਾਹੀ ਹੋਣੀ ਸੀ। ਹਲਕੇ ਦੇ ਲੋਕਾਂ ਵਲੋਂ ਉਕਤ ਨੌਜਵਾਨ ਜੋਗਾ ਸਿੰਘ, ਜੱਸਾ ਸੰਘੇੜਾ, ਪਰਮਜੀਤ ਨਾਗਰਾ, ਪੰਮਾ ਗਿੱਲ, ਦਿਲਾਵਰ ਸਿੰਘ, ਬਿੱਲਾ ਪੰਚ, ਰਘਵੀਰ ਸਿੰਘ ਆਦਿ ਦੇ ਕੀਤੇ ਗਏ ਉਪਰਾਲੇ ਨੂੰ ਲੈ ਕੇ ਸ਼ਲਾਘਾ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਪਿੰਡ ਕੁਲਾਮ ਵਿਖੇ ਬਾਈਪਾਸ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਿੰਡ ਚੂਹੜਪੁਰ ਵਾਸੀਆਂ ਨੂੰ ਵੱਡੀ ਮਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਬਾਈਪਾਸ ਦੇ ਨਿਰਮਾਣ ਮੌਕੇ ਉਹ ਗੁਆਂਢੀ ਪਿੰਡਾਂ ਦੇ ਸਰਪੰਚਾਂ ਤੋਂ ਦਸਤਖਤ ਕਰਵਾ ਕੇ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਵੀ ਦਿੰਦੇ ਰਹੇ ਹਨ ਅਤੇ ਹਲਕੇ ਵਿਧਾਇਕ ਨੂੰ ਵੀ ਜਾਣੂ ਕਰਵਾਉਂਦੇ ਰਹੇ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਗੱਲ ਸੁਣਨੀ ਵੀ ਮੁਨਾਸਿਬ ਨਹੀਂ ਸਮਝੀ।