ਸੁਭਾਸ਼ ਚੰਦਰ
ਸਮਾਣਾ, 22 ਮਾਰਚ
ਤਹਿਸੀਲ ਵਿੱਚ ਸਮਾਣਾ ਸ਼ਹਿਰ ਅਤੇ 86 ਪਿੰਡਾਂ ਦੇ ਲੋਕਾਂ ਨੂੰ ਈ-ਸੇਵਾਵਾਂ ਦੇਣ ਲਈ ਖੋਲ੍ਹੇ ਗਏ 14 ਸੇਵਾ ਕੇਂਦਰਾਂ ਵਿੱਚੋਂ 10 ਕੇਂਦਰ ਬੰਦ ਹੋ ਚੁੱਕੇ ਹਨ। ਮਹਿਜ਼ ਕਕਰਾਲਾ ਭਾਇਕਾ ਤੇ ਚੋਂਹਠ ਖੇੜੀ ਪਿੰਡਾਂ ਅਤੇ ਸ਼ਹਿਰ ਦੇ ਦੋ ਸੇਵਾ ਕੇਂਦਰ ਹੀ ਬਚੇ ਹਨ ਜਦੋਂ ਕਿ ਇਨ੍ਹਾਂ ਕੇਂਦਰਾਂ ’ਤੇ ਈ-ਸੇਵਾਵਾਂ ਦੀ ਸੰਖਿਆ 100 ਤੋਂ ਵਧਾ ਕੇ 140 ਕਰ ਦਿੱਤੀ ਹੈ। ਸਰਕਾਰ ਵੱਲੋਂ ਹਰੇਕ ਕੰਮ ਈ-ਸੇਵਾ ਕੇਂਦਰਾਂ ਰਾਹੀ ਕਰਵਾਏ ਜਾਣ ਦੇ ਹੁਕਮ ਹਨ। ਇਸ ਕਰਕੇ ਕੁਝ ਮਜਬੂਰ ਲੋਕ ਕਈ-ਕਈ ਦਿਨ ਧੱਕੇ ਖਾਣ ਤੋਂ ਬਾਅਦ ਈ-ਸੇਵਾ ਲੈਣ ਲਈ ਰਾਤ ਨੂੰ 4 ਵਜੇ ਤੋਂ ਹੀ ਸੇਵਾ ਕੇਂਦਰਾਂ ਅੱਗੇ ਲੱਗੀਆਂ ਕਤਾਰਾਂ ਵਿੱਚ ਖੜ੍ਹੇ ਹੋ ਜਾਦੇਂ ਹਨ। ਸ਼ਹਿਰ ਤੇ ਪਿੰਡਾਂ ਵਿੱਚ ਬੰਦ ਪਏ ਸੇਵਾ ਕੇਂਦਰਾਂ ਵਿੱਚ ਜੈਨਰੇਟਰ, ਫਰਨੀਚਰ, ਬਿਜਲੀ ਤੇ ਇੰਟਰਨੈੱਟ ਕੁਨੈਕਸ਼ਨ ਨਾਲ ਲੈਸ ਹਨ ਪਰ ਇਮਾਰਤਾਂ ਖੰਡਰ ਬਣ ਰਹੀਆਂ ਹਨ। ਜ਼ਿਆਦਾਤਰ ਕੇਂਦਰਾਂ ਵਿੱਚ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਬਿਜਲੀ ਬਿੱਲ ਭਰਨ ਲਈ ਕੋਈ ਤਿਆਰ ਨਹੀਂ। ਜੇ ਪੰਜਾਬ ਸਰਕਾਰ ਪੂਰੇ ਸਾਜ਼ੋ-ਸਾਮਾਨ ਨਾਲ ਤਿਆਰ ਇਨ੍ਹਾਂ ਇਮਾਰਤਾਂ ਨੂੰ ਲੋਕਾਂ ਨੂੰ ਈ-ਸੇਵਾਵਾਂ ਦੇਣ ਲਈ ਵਰਤੇ ਤਾਂ ਘਰਾਂ ਨੇੜਿਓਂ ਸਰਕਾਰ ਚਲਾਉਣ ਅਤੇ ਲੋਕਾਂ ਨੂੰ ਜਲਦੀ ਸੇਵਾਵਾਂ ਦੇਣ ਦਾ ਸੁਫਨਾ ਪੂਰਾ ਹੋ ਸਕਦਾ ਹੈ।