ਪੱਤਰ ਪ੍ਰੇਰਕ
ਰਤੀਆ, 23 ਅਕਤੂਬਰ
ਸ਼ਹਿਰ ਵਿਚ ਪਿਛਲੇ ਕਈ ਦਿਨਾਂ ਤੋਂ ਡੇਂਗੂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਜਾਣ ਕਾਰਨ ਸ਼ਹਿਰ ਵਾਸੀਆਂ ਵਿਚ ਕਾਫ਼ੀ ਚਿੰਤਾ ਦੇਖਣ ਨੂੰ ਮਿਲ ਰਹੀ ਹੈ। ਲਗਾਤਾਰ ਫੈਲ ਰਹੀ ਡੇਂਗੂ ਦੀ ਬਿਮਾਰੀ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਨਗਰ ਪਾਲਿਕਾ ਨੂੰ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਫੌਗਿੰਗ ਕਰਵਾਉਣ ਤੋਂ ਇਲਾਵਾ ਖੜ੍ਹੇ ਪਾਣੀ ਵਿਚ ਦਵਾਈ ਅਤੇ ਤੇਲ ਦਾ ਛਿੜਕਾਅ ਕਰਨ ਦੇ ਆਦੇਸ਼ਾਂ ਦਿੱਤੇ ਗਏ ਹਨ। ਇਸ ਉਪਰੰਤ ਨਗਰ ਪਾਲਿਕਾ ਦੀ ਟੀਮ ਨੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਦਵਾਈ ਦਾ ਛਿੜਕਾਅ ਕੀਤਾ। ਨਗਰ ਪਾਲਿਕਾ ਦੇ ਸਫ਼ਾਈ ਇੰਚਾਰਜ ਕੁਲਦੀਪ ਸਿੰਘ, ਸਫ਼ਾਈ ਨਿਰੀਖਕ ਰਾਹੁਲ ਮਜੌਕਾ ਅਤੇ ਦਰੋਗਾ ਭੂਪ ਸਿੰਘ ਦੀ ਅਗਵਾਈ ਵਿਚ ਪਹੁੰਚੀ ਟੀਮ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਦਾ ਨਿਰੀਖਣ ਕੀਤਾ। ਇਸ ਟੀਮ ਨੇ ਸ਼ਹਿਰ ਦੇ ਨਜ਼ਦੀਕ ਲੱਗਦੇ ਸਾਰੇ ਟੋਭਿਆਂ ਵਿਚ ਰੁਕੇ ਹੋਏ ਪਾਣੀ ’ਤੇ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਕੀਤਾ। ਹਾਲਾਂਕਿ ਨਗਰ ਪਾਲਿਕਾ ਦੀ ਟੀਮ ਨੇ ਸਿਹਤ ਵਿਭਾਗ ਵੱਲੋਂ ਮੰਗਵਾਈ ਗਈ ਫੌਗਿੰਗ ਮਸ਼ੀਨ ਰਾਹੀਂ ਸ਼ਹਿਰ ਦੇ ਉਨ੍ਹਾਂ ਖੇਤਰਾਂ ਵਿਚ ਫੋਗਿੰਗ ਕੀਤੀ ਸੀ, ਜਿਨ੍ਹਾਂ ਇਲਾਕਿਆਂ ਵਿਚ ਡੇਂਗੂ ਦਾ ਲਾਰਵਾ ਮਿਲਣ ਦੇ ਨਾਲ-ਨਾਲ ਡੇਂਗੂ ਤੋਂ ਪੀੜਤ ਮਰੀਜ਼ ਪਾਏ ਗਏ ਸਨ। ਨਗਰ ਪਾਲਿਕਾ ਦੇ ਪ੍ਰਸ਼ਾਸਕ ਅਤੇ ਐਸਡੀਐਮ ਭਾਰਤ ਭੂਸ਼ਣ ਕੌਸ਼ਿਕ ਨੇ ਸਿਹਤ ਵਿਭਾਗ ਵੱਲੋਂ ਭੇਜੇ ਗਏ ਪੱਤਰ ਉਪਰੰਤ ਨਗਰ ਪਾਲਿਕਾ ਨੂੰ ਨਵੀਂ ਫੌਗਿੰਗ ਮਸ਼ੀਨ ਖ਼ਰੀਦਣ ਦੇ ਆਦੇਸ਼ ਦਿੱਤੇ ਹੋਏ ਹਨ ਅਤੇ ਇਨ੍ਹਾਂ ਆਦੇਸ਼ਾਂ ਉਪਰੰਤ ਨਗਰ ਪਾਲਿਕਾ ਨੇ ਨਵੀਂ ਮਸ਼ੀਨ ਦਾ ਆਰਡਰ ਵੀ ਦਿੱਤਾ ਹੋਇਆ ਹੈ ਪਰ ਮਸ਼ੀਨ ਨਾ ਆਉਣ ਕਾਰਨ ਜ਼ਿਆਦਾਤਰ ਖੇਤਰਾਂ ਵਿਚ ਫੌਗਿੰਗ ਦਾ ਕੰਮ ਲਟਕਿਆ ਪਿਆ ਹੈ।