ਚੇਨਈ, 25 ਅਪਰੈਲ
ਤਾਮਿਲਨਾਡੂ ਦੇ ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਅੱਜ ਕਿਹਾ ਕਿ ਸੂਬੇ ਤੋਂ 80 ਮੀਟਰਿਕ ਟਨ ਤਰਲ ਆਕਸੀਜਨ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਨੂੰ ਭੇਜੀ ਜਾ ਰਹੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਸੂਬੇ ਵਿੱਚ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੌਮੀ ਯੋਜਨਾ ਤਹਿਤ ਤਾਮਿਲਨਾਡੂ ਨੂੰ ਵੰਡੀ ਗਈ ਆਕਸੀਜਨ ‘ਨਾਕਾਫ਼ੀ’ ਅਤੇ ‘ਗਲਤ’ ਹੈ ਅਤੇ ਇਸ ਨੂੰ ਦੂਜੇ ਰਾਜਾਂ ਨੂੰ ਭੇਜਣ ਨਾਲ ਵੱਡਾ ਸੰਕਟ ਪੈਦਾ ਹੋ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਆਕਸੀਜਨ ’ਤੇ ਨਿਰਭਰ ਕੋਵਿਡ- 19 ਦੇ ਇਲਾਜ ਅਧੀਨ ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ ਮੈਡੀਕਲ ਆਕਸੀਜਨ ਦੀ ਮੰਗ ਵਧੀ ਹੈ ਤੇ ਇਸ ਲਈ ਤਾਮਿਲਨਾਡੂ ਵਿੱਚ ਇਸ ਦੀ ਲੋੜੀਂਦੀ ਉਪਲਬਧਤਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਸੂਬਾ ਸਰਕਾਰ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਘਟਾਉਣ ਦੀ ਸਾਰੇ ਯਤਨ ਕਰ ਰਹ ਹੈ ਪਰ ਮੌਜੂਦਾ ਸਥਿਤੀ ਨੂੰ ਦੇਖਦਿਆਂ ਤਾਮਿਲਨਾਡੂ ਨੂੰ ਜਲਦੀ ਹੀ 450 ਮੀਟਰਿਕ ਟਨ ਆਕਸੀਜਨ ਦੀ ਲੋੜ ਪਵੇਗੀ ਜੋ ਸੂਬੇ ਦੀ ਉਤਪਾਦਨ ਸਮਰੱਥਾ 400 ਮੀਟਰਿਕ ਟਨ ਤੋਂ ਵੱਧ ਹੈ।ਮੁੱਖ ਮੰਤਰੀ ਪਲਾਨੀਸਵਾਮੀ ਨੇ ਆਕਸੀਜਨ ਦੀ ਵਧਦੀ ਮੰਗ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਪਿਛਲੇ ਸਾਲ ਮਹਾਮਾਰੀ ਦੇ ਕਾਫ਼ੀ ਜ਼ਿਆਦਾ ਵਧਣ ਦੌਰਾਨ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 58 ਹਜ਼ਾਰ ਸੀ ਪਰ ਇਸ ਵਾਰ ਇਹ ਗਿਣਤੀ ਪਹਿਲਾਂ ਹੀ ਇੱਕ ਲੱਖ ਨੂੰ ਪਾਰ ਕਰ ਚੁੱਕੀ ਹੈ। ਉਨ੍ਹਾਂ ਕਿਹਾ,‘ਉਹ ਬੇਨਤੀ ਕਰਦੇ ਹਨ ਕਿ ਤਾਮਿਲਨਾਡੂ ਦੇ ਸ੍ਰੀਪੇਰੰਬਦੂਰ ਪਲਾਂਟ ਤੋਂ 80 ਮੀਟਿਰਕ ਟਨ ਆਕਸੀਜਨ ਨੂੰ ਦੂਜੇ ਸੂਬਿਆਂ ਨੂੰ ਭੇਜਣ ਦੇ ਫ਼ੈਸਲੇ ਨੂੰ ਤੁਰੰਤ ਰੱਦ ਕੀਤਾ ਜਾਵੇ। -ਪੀਟੀਆਈ