ਰਵੇਲ ਸਿੰਘ ਭਿੰਡਰ
ਪਟਿਆਲਾ, 25 ਅਪਰੈਲ
ਪਟਿਆਲਾ ਸ਼ਹਿਰ ’ਚ ਵਿਰਾਸਤੀ ਟਾਵਰ ਕਲਾਕ ‘ਘੰਟਾ’ ਆਖ਼ਿਰ ਮੁੜ ਵਕਤ ਦੱਸਣ ਲੱਗ ਪਿਆ ਹੈ। ਇਹ ਘੜਾ ‘ਘੰਟਾ’ ਇਥੇ ਮਾਲ ਰੋਡ ’ਤੇ ਸਥਿਤ ਮੁਸਾਫਿਰ ਯਾਦਗਾਰੀ ਸੈਂਟਰਲ ਸਟੇਟ ਲਾਇਬ੍ਰੇਰੀ ਦੇ ਉਪਰ ਬਣੇ ਟਾਵਰ ’ਤੇ ਲੱਗਿਆ ਹੋਇਆ ਹੈ। ਇਹ ਵਿਰਾਸਤੀ ਘੰਟਾ ਜਾਂ ਟਾਵਰ ਕਲਾਕ ਕਰੀਬ ਡੇਢ ਸਾਲ ਤੋਂ ਬੰਦ ਸੀ ਤੇ ਕਦੇ ਜ਼ਮਾਨਾ ਸੀ, ਜਦੋਂ ਇਸ ਘੰਟੇ ਦੀ ਵੱਖਰੀ ਟੌਹਰ ਸੀ ਤੇ ਦੂਰ ਦੁਰਾਡੇ ਤੋਂ ਵੀ ਲੋਕ ਇਸ ਤੋਂ ਟਾਈਮ ਵੇਖਣ ਲਈ ਆਉਂਦੇ ਸਨ। ਦੱਸਦੇ ਹਨ ਕਿ ਪੁਰਾਣਿਆਂ ਵੇਲਿਆਂ ਵੇਲੇ ਜਦੋਂ ਮਾਲ ਰੋਡ ਤੋਂ ਬੱਸਾਂ ਤੇ ਟਾਂਗਿਆ ਦੀ ਸਰਵਿਸ ਸੀ ਤਾਂ ਸਵਾਰੀਆਂ ਬੜੀ ਉਤਸੁਕਤਾ ਨਾਲ ਟਾਵਰ ਕਲਾਕ ਨੂੰ ਤੱਕਦੀਆਂ ਸਨ ਤਾਂ ਕਿ ਟਾਈਮ ਦਾ ਸਹੀ ਵਕਤ ਪਤਾ ਲੱਗ ਸਕੇ। ਸੈਂਟਰਲ ਸਟੇਟ ਲਾਇਬ੍ਰੇਰੀ ਦੀ ਸਥਾਪਨਾ ਪੈਪਸੂ ਰਾਜ ਵੇਲੇ 1956 ਵੇਲੇ ਹੋਈ ਸੀ ਤਾਂ ਉਦੋਂ ਹੀ ਇਸ ਲਾਇਬ੍ਰੇਰੀ ਨੂੰ ਹੋਰ ਯਾਦਗਾਰੀ ਤੇ ਵਿਲੱਖਣ ਬਣਾਉਣ ਲਈ ਇਸ ’ਤੇ ਟਾਵਰ ਕਲਾਕ ਫਿੱਟ ਕਰ ਦਿੱਤਾ ਗਿਆ ਸੀ। ਇਸ ਲਾਇਬ੍ਰੇਰੀ ਨੂੰ ਪੰਜਾਬ ਦੀ ਪ੍ਰਮੁੱਖ ਲਾਇਬ੍ਰੇਰੀ ਹੋਣ ਦਾ ਵੀ ਮਾਣ ਹੈ। ਇਸ ਪ੍ਰਮੁੱਖ ਲਾਇ੍ਰਬੇਰੀ ਦੇ ਉਪਰ ਸਥਾਪਤ ਕੀਤਾ ਹੋਇਆ ਟਾਵਰ ਕਲਾਕ ਪਹਿਲਾਂ ਦੋ ਬੈਟਰੀਆਂ ਨਾਲ ਚੱਲਦਾ ਸੀ ਪਰ ਬਦਲਦੇ ਸਮੇਂ ਮੁਤਾਬਿਕ ਇਸ ਨੂੰ 1995 ’ਚ ਬੈਟਰੀਆਂ ਵਾਲੇ ਘੰਟੇ ਦੀ ਬਜਾਏ ਚਾਬੀ ਵਾਲਾ ਕਲਾਕ ਫਿੱਟ ਕਰ ਦਿੱਤਾ ਗਿਆ ਸੀ। ਇਸਨੂੰ ਗਤੀਸ਼ੀਲ ਰੱਖਣ ਲਈ 72 ਘੰਟਿਆਂ ਬਾਅਦ ਚਾਬੀ ਭਰੀ ਜਾਂਦੀ ਸੀ ਪਰ ਪਿਛਲੇ ਕਰੀਬ ਡੇਢ ਦਹਾਕੇ ਤੋਂ ਇਹ ਕਲਾਕ ਬੰਦ ਹੋ ਚੁੱਕਾ ਸੀ। ਸੰਭਾਵਨਾ ਮੰਨੀ ਜਾ ਰਹੀ ਸੀ ਕਿ ਸ਼ਾਇਦ ਹੀ ਹੁਣ ਇਹ ਕਲਾਕ ਮੁੜ ਗਤੀਸ਼ੀਲ ਹੋ ਸਕੇਗਾ। ਵੇਰਵਿਆਂ ਮੁਤਾਬਕ ਆਖਿਰ 14 ਸਾਲਾਂ ਮਗਰੋਂ ਇਹ ਵਿਰਾਸਤੀ ਕਲਾਕ ਮੁੜ ਗਤੀਸ਼ੀਲ ਹੋ ਗਿਆ ਹੈ। ਇਸ ਕਲਾਕ ’ਚ ਗਰਾਰੀ ਸਿਸਟਮ ਲੱਗਿਆ ਹੋਇਆ ਹੈ ਤੇ ਵੇਟ ਗਰਾਰੀਆਂ ਨੂੰ ਵਕਤ ਦੀ ਦਰ ’ਤੇ ਗਤੀਸ਼ੀਲ ਰੱਖਦੇ ਹਨ। ਚੀਫ ਲਾਇਬ੍ਰੇਰੀਅਨ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਕਲਾਕ ਮੁੜ ਮੁਰੰਮਤ ਮਗਰੋਂ ਭਾਵੇਂ ਚਾਬੀ ਦੇ ਸਹਾਰੇ ਹੀ ਚੱਲੇਗਾ ਪਰ ਹੁਣ ਇਸ ਦੀ ਸਮਾਂ ਸੀਮਾ 60 ਘੰਟੇ ਤੈਅ ਕੀਤੀ ਗਈ ਹੈ।