ਬਠਿੰਡਾ, 25 ਅਪਰੈਲ
ਮਨੋਜ ਸ਼ਰਮਾ
ਜ਼ਿਲ੍ਹੇ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 466 ਨਵੇਂ ਮਰੀਜ਼ ਆਏ ਅਤੇ 317 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਮਗਰੋਂ ਘਰ ਪਰਤ ਗਏ ਹਨ। ਅੱਜ ਕੋਵਿਡ ਕਾਰਨ ਚਾਰ ਹੋਰ ਮੌਤਾਂ ਹੋਈਆਂ ਹਨ। ਇਸ ਸਮੇਂ ਜ਼ਿਲੇ ਵਿੱਚ 3715 ਕੇਸ ਐਕਟਿਵ ਹਨ ਤੇ ਹੁਣ ਤਕ 314 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹਾ ਮੈਜਿਸਟਰੇਟ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਕੁਸ਼ਟ ਆਸ਼ਰਮ ਬਠਿੰਡਾ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਸੀ ਪਰ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਖੇਤਰ ਵਿੱਚ ਕੋਈ ਨਵਾਂ ਕੋਵਿਡ ਕੇਸ ਸਾਹਮਣੇ ਨਹੀਂ ਆਇਆ। ਇਸ ਲਈ ਹੁਣ ਕੁਸ਼ਟ ਆਸ਼ਰਮ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਤੋਂ ਹਟਾਇਆ ਗਿਆ ਹੈ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਮੁਕਤਸਰ ਜ਼ਿਲ੍ਹੇ ’ਚ ਅੱਜ ਕਰੋਨਾ ਦੇ 300 ਨਵੇਂ ਮਾਮਲੇ ਆਏ, ਜਿਨ੍ਹਾਂ ਵਿੱਚ ਜ਼ਿਲ੍ਹਾ ਜੇਲ੍ਹ ਦੇ 11 ਕੈਦੀ ਵੀ ਸ਼ਾਮਲ ਹਨ। ਸਭ ਤੋਂ ਵੱਧ ਮਰੀਜ਼ ਮਲੋਟ ਤੋਂ 96, ਮੁਕਤਸਰ ਤੋਂ 74, ਗਿੱਦੜਬਾਹਾ ਤੋਂ 24 ਅਤੇ ਬਰੀਵਾਲਾ ਤੋਂ 11 ਪਾਏ ਗਏ ਹਨ। ਹੁਣ ਤੱਕ ਜ਼ਿਲ੍ਹੇ ਵਿੱਚ ਕਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 1491 ਹੋ ਗਈ ਹੈ। ਪਿੰਡ ਬਾਦੀਆਂ ਦੇ 60 ਸਾਲਾ ਵਿਅਕਤੀ, ਜੋ ਘਰ ਵਿੱਚ ਇਕਾਂਤਵਾਸ ਸੀ, ਦੀ ਕਰੋਨਾ ਕਾਰਨ ਮੌਤ ਹੋ ਗਈ ਹੈ।
ਬਰਨਾਲਾ (ਰਵਿੰਦਰ ਰਵੀ): ਅੱਜ ਬਰਨਾਲਾ ਜ਼ਿਲ੍ਹੇ ਵਿੱਚ ਕਰੋਨਾ ਦੇ ਹੁਣ ਤਕ ਦੇ ਸਭ ਤੋਂ ਵੱਧ 127 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਦੋ ਮਰੀਜ਼ਾਂ ਦੀ ਮੌਤ ਹੋਈ ਹੈ। ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 420 ਹੋ ਗਈ ਹੈ।
ਸਿਰਸਾ (ਪ੍ਰਭੂ ਦਿਆਲ): ਜ਼ਿਲ੍ਹਾ ਸਿਰਸਾ ’ਚ ਪਿਛਲੇ 24 ਘੰਟਿਆਂ ਵਿੱਚ ਕਰੋਨਾਵਾਇਰਸ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ ਤੇ ਰਿਕਾਰਡ 529 ਨਵੇਂ ਕੇਸ ਆਏ ਹਨ। ਇਹ ਜਾਣਕਾਰੀ ਸਿਰਸਾ ਦੇ ਸਿਵਲ ਸਰਜਨ ਡਾ. ਕ੍ਰਿਸ਼ਨ ਕੁਮਾਰ ਨੇ ਦਿੱਤੀ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ 219 ਕਰੋਨਾ ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਡਿਸਚਾਰਜ ਕੀਤਾ ਗਿਆ ਹੈ। ਇਸ ਸਮੇਂ ਜ਼ਿਲ੍ਹੇ ’ਚ 2070 ਵਿਅਕਤੀ ਕਰੋਨਾ ਪੀੜਤ ਹਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤਕ 5126 ਕਰੋਨਾ ਪਾਜ਼ੇਟਿਵ ਕੇਸ ਪਾਏ ਜਾ ਚੁੱਕੇ ਹਨ। ਅੱਜ 820 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਅਤੇ 250 ਨਵੇਂ ਪਾਜ਼ੇਟੀਵ ਕੇਸ ਪਾਏ ਗਏ। ਅੱਜ ਕਰੋਨਾ ਨਾਲ ਦੋ ਜਣਿਆਂ ਦੀ ਮੌਤ ਹੋ ਗਈ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਸੂਬੇ ਵਿੱਚ ਕਰੋਨਾ ਲਾਗ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਮੋਗਾ ਸਮੇਤ 7 ਜ਼ਿਲ੍ਹਿਆਂ ’ਚ ਕਰੋਨਾ ਦੀ ਦੂਜੀ ਲਹਿਰ ਦੌਰਾਨ ਵਧੀ ਲਾਗ ਦਰ ਨੇ ਪ੍ਰਸ਼ਾਸਨ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ। ਸਥਾਨਕ ਡਿਪਟੀ ਕਮਿਸ਼ਨਰ ਨੇ ਰੋਜ਼ਾਨਾ ਸੈਂਪਲਿੰਗ ਦਾ ਟੀਚਾ 600 ਤੋਂ ਵਧਾ ਕੇ 3 ਹਜ਼ਾਰ ਤੇ ਰੋਜ਼ਾਨਾ 8 ਹਜ਼ਾਰ ਟੀਕਾਕਰਨ ਕਰਨ ਦੀ ਹਦਾਇਤ ਦਿੱਤੀ ਹੈ। ਉਧਰ, ਕਰੋਨਾ ਲਾਗ ਦੇ ਹਵਾ ਦੇ ਜ਼ਰੀਏ ਫੈਲਣ ਬੰਧੀ ਆਈ ਰਿਪੋਰਟ ਦੇ ਦਾਅਵਿਆਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ।
ਸੰਤ ਬਲਵੀਰ ਸਿੰਘ ਘੁੰਨਸ ਨੇ ਕੋਵਿਡ ਵੈਕਸੀਨ ਲਗਵਾਈ
ਤਪਾ ਮੰਡੀ (ਪੱਤਰ ਪ੍ਰੇਰਕ): ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਅਤੇ ਉਨ੍ਹਾਂ ਦੀ ਪਤਨੀ ਬੀਬੀ ਬਲਜੀਤ ਕੌਰ ਘੁੰਨਸ ਨੇ ਅੱਜ ਸਰਕਾਰੀ ਹਸਪਤਾਲ ਵਿੱਚ ਐੱਸਐੱਮਓ ਡਾ. ਜਸਬੀਰ ਸਿੰਘ ਔਲਖ ਦੀ ਮੌਜੂਦਗੀ ਵਿੱਚ ਕੋਵਿਡ ਵੈਕਸੀਨ ਲਗਵਾਈ। ਸੰਤ ਘੁੰਨਸ ਨੇ ਕਿਹਾ ਕਿ ਹਰੇਕ ਲਾਭਪਾਤਰੀ ਨੂੰ ਕੋਵਿਡ ਵੈਕਸੀਨ ਲਗਵਾਉਣੀ ਚਾਹੀਦੀ ਹੈ ਅਤੇ ਕਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਗੌਤਮ ਰਿਸ਼ੀ, ਸਿਹਤ ਕਰਮਚਾਰੀ ਹਰਪ੍ਰੀਤ ਕੌਰ, ਮਨਜੀਤ ਸਿੰਘ, ਵਿੱਕੀ ਨਰਾਇਣ ਵੀ ਮੌਜੂਦ ਸਨ।