ਪੱਤਰ ਪ੍ਰੇਰਕ
ਤਰਨ ਤਾਰਨ, 21 ਮਾਰਚ
ਤਰਨ ਤਾਰਨ ਸ਼ਹਿਰ ਦੀ ਮੁਰਾਦਪੁਰ ਆਬਾਦੀ ਤੋਂ ਹਿਮਾਚਲ ਪ੍ਰਦੇਸ਼ ਅੰਦਰ ਸਥਿਤ ਡੇਰਾ ਬਾਬਾ ਵਡਭਾਗ ਸਿੰਘ (ਨਹਿਰੀਆਂ) ਦੇ ਦਰਸ਼ਨ ਕਰਨ ਲਈ ਗਈ ਸੰਗਤ ਨੂੰ ਵਾਪਸ ਲੈ ਕੇ ਆ ਰਹੇ ਟਰੱਕ ਦੇ ਡੂੰਘੀ ਖੱਡ ਵਿੱਚ ਜਾ ਡਿੱਗਣ ਨਾਲ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 47 ਹੋਰ ਜ਼ਖ਼ਮੀ ਹੋ ਗਏ| ਇਹ ਹਾਦਸਾ ਅੱਜ ਉਸ ਵੇਲੇ ਵਾਪਰਿਆ ਜਦੋਂ ਸੰਗਤ ਵਾਪਸ ਆ ਰਹੀ ਸੀ| ਹਾਦਸੇ ਦੀ ਸੂਚਨਾ ਮਿਲਦਿਆਂ ਹੀ ਆਬਾਦੀ ਤੋਂ ਵਸਨੀਕਾਂ ਦਾ ਇਕ ਵੱਡਾ ਜਥਾ ਬਚਾਅ ਕਾਰਵਾਈਆਂ ਆਦਿ ਲਈ ਅਨਾਜ ਮੰਡੀ ਮ਼ਜਦੂਰ ਯੂਨੀਅਨ ਦੇ ਪ੍ਰਧਾਨ ਜਬਰ ਸਿੰਘ ਦੀ ਅਗਵਾਈ ਵਿੱਚ ਹਾਦਸੇ ਵਾਲੇ ਥਾਂ ਲਈ ਰਵਾਨਾ ਹੋਇਆ| ਜਬਰ ਸਿੰਘ ਨੇ ਮੌਕੇ ਤੋਂ ਜਾਣਕਾਰੀ ਦਿੱਤੀ ਕਿ ਮ੍ਰਿਤਕਾਂ ਵਿੱਚ ਮੁਰਾਦਪੁਰ ਆਬਾਦੀ ਦੀ ਵਸਨੀਕ ਰਾਜ ਕੌਰ ਤੇ ਉਸ ਦੇ ਭਰਾ ਫੌਜੀ ਵਾਸੀ ਪੰਡੋਰੀ ਗੋਲਾ ਸ਼ਾਮਲ ਹਨ| ਰਾਜ ਕੌਰ ਆਪਣੇ ਭਰਾ ਨੂੰ ਡੇਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਨਾਲ ਲੈ ਗਈ ਸੀ| ਜਬਰ ਸਿੰਘ ਨੇ ਦੱਸਿਆ ਕਿ ਆਬਾਦੀ ਤੋਂ ਸੰਗਤ ਹਰ ਸਾਲ ਡੇਰਾ ਬਾਬਾ ਵਡਭਾਗ ਸਿੰਘ ਦੇ ਲੰਗਰ ਆਦਿ ਦੀ ਸੇਵਾ ਕਰਨ ਲਈ ਸੰਗਤ ਉਥੇ ਜਾਂਦੀ ਹੈ|
ਇਹ ਸੰਗਤ 10 ਮਾਰਚ ਨੂੰ ਉਥੇ ਪਹੁੰਚੀ ਸੀ ਅਤੇ ਸੰਗਤ ਅੱਜ ਵਾਪਸੀ ਤੇ ਅਜੇ ਡੇਰੇ ਤੋਂ ਥੋੜਾ ਦੂਰ ਹੀ ਆਈ ਸੀ ਕਿ ਟਰੱਕ ਗਹਿਰੀ ਖੱਡ ਵਿੱਚ ਜਾ ਪਿਆ| ਜ਼ਖ਼ਮੀਆਂ ਨੂੰ ਅੰਬ ਤੇ ਊਨਾ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ| ਦੋ ਜਣਿਆਂ ਨੂੰ ਪੀਜੀਆਈ ਚੰਡੀਗੜ੍ਹ ਰੇਫ਼ਰ ਕੀਤਾ ਗਿਆ ਹੈ| ਮ੍ਰਿਤਕਾਂ ਦੇ ਪੋਸਟਮਾਰਟਮ ਕਰਵਾ ਲਏ ਗਏ ਹਨ ਤੇ ਦੇਹਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ।