ਗਗਨਦੀਪ ਅਰੋੜਾ
ਲੁਧਿਆਣਾ, 21 ਮਾਰਚ
ਸਨਅਤੀ ਸ਼ਹਿਰ ’ਚ ਬਣ ਰਹੀਆਂ ਨਵੀਆਂ ਸੜਕਾਂ ਦੇ ਕਿਨਾਰੇ ਨਗਰ ਨਿਗਮ ਇੱਕ ਸਾਲ ਤੋਂ ਟਾਈਲਾਂ ਲਗਾ ਰਿਹਾ ਹੈ। ਟਾਈਲਾਂ ਲਗਾਉਣ ਪਿੱਛੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਤਰਕ ਸੀ ਕਿ ਇਸਦੇ ਨਾਲ ਪਾਣੀ ਜ਼ਮੀਨ ਵਿੱਚ ਜਾਏਗਾ ਤੇ ਹਵਾ ਪ੍ਰਦੂਸ਼ਣ ਵੀ ਘੱਟ ਹੁੰਦਾ ਹੈ। ਸਾਫ਼ ਹਵਾ ਪ੍ਰੋਗਰਾਮ ਦੇ ਤਹਿਤ ਸ਼ਹਿਰ ’ਚ ਟਾਈਲਾਂ ਲਾਈਆਂ ਜਾ ਰਹੀਆਂ ਹਨ। ਇਸਦੀ ਆੜ ’ਚ ਨਿਗਮ ਸ਼ਹਿਰ ’ਚ ਪਹਿਲਾਂ ਤੋਂ ਸੜਕਾਂ ਕਿਨਾਰੇ ਲੱਗੀਆਂ ਟਾਈਲਾਂ ਨੂੰ ਵੀ ਉਖਾੜ ਰਿਹਾ ਹੈ। ‘ਆਪ’ ਨੇ ਸੜਕ ਕਿਨਾਰੇ ਲੱਗੀਆਂ ਪੁਰਾਣੀਆਂ ਟਾਈਲਾਂ ਨੂੰ ਪੁੱਟਣ ’ਤੇ ਇਤਰਾਜ਼ ਜ਼ਾਹਰ ਕੀਤਾ ਹੈ। ਸਨਅਤੀ ਸ਼ਹਿਰ ਦੇ ਪੌਸ਼ ਇਲਾਕੇ ਗੁਰਦੇਵ ਨਗਰ ਵਿੱਚ ਨਗਰ ਨਿਗਮ ਦੇ ਠੇਕੇਦਾਰ ਚੰਗੀਆਂ ਭਲੀਆਂ ਟਾਈਲਾਂ ਨੂੰ ਉਖਾੜ ਕੇ ਨਵੀਆਂ ਟਾਈਲਾਂ ਲਗਾਉਣ ਵਿੱਚ ਲੱਗ ਗਏ ਹਨ। ਟਾਈਲਾਂ ਬਿਲਕੁਲ ਸਹੀ ਲਗੀਆਂ ਹੋਈਆਂ ਹਨ, ਪਰ ਫਿਰ ਵੀ ਬਿੱਲ ਬਣਾਉਣ ਦੇ ਚੱਕਰ ਵਿੱਚ ਇੱਥੇ ਟਾਈਲਾਂ ਪੁੱਟ ਕੇ ਦੁਬਾਰਾ ਲਗਾਈਆਂ ਜਾ ਰਹੀਆਂ ਹਨ।
ਇਸ ਸਬੰਧੀ ਆਪ ਦੇ ਨਵੇਂ ਚੁਣੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਵੀ ਇਤਰਾਜ਼ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸੜਕ ਕਿਨਾਰੇ ਟਾਈਲਾਂ ਲਾਉਣ ਦੇ ਪਿੱਛੇ ਨਿਗਮ ਦਾ ਜੋ ਮਕਸਦ ਸੀ, ਉਹ ਹੱਲ ਨਹੀਂ ਹੋਇਆ। ਸੜਕਾਂ ਦੇ ਕਿਨਾਰੇ ਟਾਈਲਾਂ ’ਤੇ ਵੀ ਮਿੱਟੀ ਜਮ੍ਹਾਂ ਹੈ, ਜਿਸ ਕਾਰਨ ਹਵਾ ਚੱਲਣ ਜਾਂ ਵਾਹਨਾਂ ਦੇ ਚੱਲਣ ਨਾਲ ਮਿੱਟੀ ਉਡ ਕੇ ਹਵਾ ’ਚ ਮਿਲ ਜਾਂਦੀ ਹੈ, ਜਦੋਂ ਕਿ ਟਾਈਲਾਂ ਇਸ ਲਈ ਲਾਈਆਂ ਗਈਆਂ ਸਨ ਕਿ ਮਿੱਟੀ ਜਮ੍ਹਾਂ ਨਾ ਹੋਵੇ ਅਤੇ ਹਵਾ ਸਾਫ਼ ਰਹੇ। ਜੋ ਟਾਈਲਾਂ ਠੀਕ ਹਨ, ਉਨ੍ਹਾਂ ਨੂੰ ਵੀ ਪੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਠੇਕੇਦਾਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਗੋਗੀ ਨੇ ਕਿਹਾ ਕਿ ਇਸ ਮਾਮਲੇ ’ਚ ਅਫ਼ਸਰਾਂ ਤੋਂ ਰਿਪੋਰਟ ਤਲਬ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਦੇਵ ਨਗਰ ’ਚ ਗਰੇਵਾਲ ਹਸਪਤਾਲ ਵਾਲੀ ਸੜਕ ਦੇ ਕਿਨਾਰੇ ਲੱਗੀਆਂ ਟਾਈਲਾਂ ਦੀ ਸਥਿਤੀ ਸਹੀ ਸੀ ਅਤੇ ਨਿਗਮ ਦੇ ਇੱਕ ਪਾਸੇ ਦੀਆਂ ਟਾਈਲਾਂ ਪੁੱਟ ਦਿੱਤੀਆਂ ਹਨ। ਗੋਗੀ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਨੂੰ ਟਾਈਲਾਂ ਨਾਲ ਭਰ ਦਿੱਤਾ ਹੈ। ਸੜਕਾਂ ਭੀੜੀਆਂ ਕਰ ਦਿੱਤੀਆਂ ਹਨ ਤੇ ਕਿਨਾਰੇ ਟਾਈਲਾਂ ਲਾ ਕੇ ਨਾਜਾਇਜ਼ ਕਬਜ਼ੇ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ।