ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 22 ਅਕਤੂਬਰ
ਡੈਮੋਕਰੈਟਿਕ ਟੀਚਰਜ਼ ਫਰੰਟ ਇਕਾਈ ਫ਼ਰੀਦਕੋਟ ਨੇ ਇੱਥੇ ਮੀਟਿੰਗ ਕਰਨ ਉਪਰੰਤ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੋਂ ਲਏ ਜਾਂਦੇ ਗੈਰ-ਵਿੱਦਿਅਕ ਕੰਮਾਂ ਦਾ ਵਿਰੋਧ ਕੀਤਾ। ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਅਤੇ ਸਕੱਤਰ ਗਗਨ ਪਾਹਵਾ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਨੂੰ ਸਿੱਖਿਆ ਤੋਂ ਪਾਸੇ ਕਰਕੇ ਹੋਰ ਕੰਮਾਂ ਵਿੱਚ ਉਲਝਾਉਣ ’ਤੇ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਰਾਈਟ-ਟੂ-ਐਜੂਕੇਸ਼ਨ ਐਕਟ ਦੇ ਅਧੀਨ ਅਧਿਆਪਕਾਂ ਨੂੰ ਸਿਰਫ਼ ਪੜ੍ਹਾਉਣ ਦੇ ਕੰਮਾਂ ਵਿੱਚ ਹੀ ਲਾਇਆ ਜਾ ਸਕਦਾ ਹੈ, ਜਦੋਂਕਿ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਅਧਿਆਪਕਾਂ ਦੀਆਂ ਡਿਊਟੀਆਂ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਨਜ਼ਰ ਰੱਖਣ ਲਈ ਲਗਾ ਦਿੱਤੀਆਂ ਹਨ। ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਬੀ.ਐਲ ਓ ਡਿਊਟੀਆਂ, ਇਲੈਕਸ਼ਨ ਡਿਊਟੀਆਂ, ਸਰਵੇ ਅਤੇ ਹੋਰ ਗ਼ੈਰ ਵਿੱਦਿਅਕ ਡਿਊਟੀਆਂ ਅਧਿਆਪਕਾਂ ਉੱਤੇ ਥੋਪੀਆਂ ਜਾ ਰਹੀਆਂ ਹਨ ਜਿਸ ਦਾ ਲਗਾਤਾਰ ਅਧਿਆਪਕ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਹੁਣ ਪਰਾਲੀ ਵਾਲਾ ਨਵਾਂ ਕੰਮ ਅਧਿਆਪਕਾਂ ਦੇ ਸਿਰ ਪਾ ਦਿੱਤਾ ਹੈ, ਜੋ ਸਰਾਸਰ ਗਲਤ ਹੈ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਉਨ੍ਹਾਂ ਤੋਂ ਸਿਰਫ਼ ਵਿੱਦਿਅਕ ਕੰਮ ਹੀ ਲਏ ਜਾਣ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਅਤੇ ਸਿੱਖਿਆ ਦਾ ਮਿਆਰ ਉੱਚਾ ਉਠ ਸਕੇ। ਇਸ ਮੌਕੇ ਅਧਿਆਪਕ ਪ੍ਰਦੀਪ ਸਿੰਘ, ਸੁਰਿੰਦਰ ਪੁਰੀ, ਗੁਰਜਿੰਦਰ ਡੋਹਕ, ਕੁਲਦੀਪ ਸਿੰਘ, ਲਵਕਰਨ ਸਿੰਘ, ਹਰਦੀਪ ਸਿੰਘ, ਅਵਤਾਰ ਸਿੰਘ, ਮਨੀਸ਼ ਕੁਮਾਰ, ਹਰਵਰਿੰਦਰ ਸਿੰਘ, ਦਿਲਬਾਗ ਸਿੰਘ ਆਦਿ ਵੀ ਹਾਜ਼ਰ ਸਨ।