ਜੋਗਿੰਦਰ ਸਿੰਘ ਮਾਨ
ਮਾਨਸਾ, 22 ਅਕਤੂਬਰ
ਮਾਨਸਾ ਵਿਚ ਮੁਸਲਿਮ ਫਰੰਟ ਪੰਜਾਬ ਤੇ ਉਲਮਾ ਹਜਰਾਤ ਦੇ ਸੱਦੇ ’ਤੇ ਯੂਪੀ ਸਰਕਾਰ ਦੀ ਏਟੀਐੱਸ ਵੱਲੋਂ ਮੌਲਾਨਾ ਕਲੀਮ ਸਿੱਦੀਕੀ ਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ, ਲਖੀਮਪੁਰ ਖੀਰੀ ਦੇ ਕਿਸਾਨ ਸ਼ਹੀਦਾਂ ਤੇ ਸੀਏਏ, ਐੱਨਸੀਆਰ ਦੇ ਖਿਲਾਫ ਸੰਘਰਸ਼ ਕਰਨ ਵਾਲੇ ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਨੂੰ ਜੇਲ੍ਹਾਂ ਅੰਦਰ ਡੱਕਣ ਦੇ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਫਰੰਟ ਵੱਲੋਂ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਮ ’ਤੇ ਮੰਗ ਪੱਤਰ ਵੀ ਸੌਂਪਿਆ ਗਿਆ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਮੁਸਲਿਮ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਹੰਸ ਰਾਜ ਮੋਫ਼ਰ ਨੇ ਯੂਪੀ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਯੋਗੀ ਸਰਕਾਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹਿੰਦੂ-ਮੁਸਲਿਮ ਦੀ ਪਾੜ ਪਾਊ ਰਾਜਨੀਤੀ ਕਰ ਕੇ ਵੋਟਾਂ ਬਟੋਰਨਾ ਚਾਹੁੰਦੀ ਹੈ ਤੇ ਲਖੀਮਪੁਰ ਦੇ ਕਿਸਾਨਾਂ ਦੀ ਸ਼ਹੀਦੀ ਨੂੰ ਵਿਅਰਥ ਕਰ ਕੇ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ, ਜਿਸ ਨੂੰ ਲੋਕ ਚੰਗੀ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਤਰਜ਼ਮਾਨੀ ਕਰਦੀ ਹੈ ਅਤੇ ਪਾਣੀ ਭਾਰਤੀ ਲੋਕਾਂ ਨੂੰ ਜਾਤਾਂ-ਪਾਤਾਂ ਅਤੇ ਧਰਮਾਂ ਵਿੱਚ ਵੰਡ ਕੇ ਸੱਤਾ ’ਤੇ ਕਬਜ਼ਾ ਬਰਕਰਾਰ ਰੱਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਧਰਮਾਂ ਦੀ ਲੜਾਈ ਨਹੀਂ, ਬਲਕਿ ਜਮਾਤੀ ਹੱਕਾਂ ’ਤੇ ਡਾਕਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਲਾਨਾ ਕਲੀਮ ਸਿੱਦੀਕੀ ਤੇ ਸਾਥੀਆਂ ਦੀ ਗ੍ਰਿਫ਼ਤਾਰੀ ਇੱਕ ਸੋਚੀ ਸਮਝੀ ਚਾਲ ਹੈ। ਉਨ੍ਹਾਂ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੂੰ ਅਪੀਲ ਕੀਤੀ ਕਿ ਮਾਮਲੇ ਵਿਚ ਦਖ਼ਲ-ਅੰਦਾਜ਼ੀ ਕਰ ਕੇ ਮੌਲਾਨਾ ਕਲੀਮ ਸਿੱਦੀਕੀ ਤੇ ਐੱਨਏਏ ਤੇ ਐੱਨਸੀਆਰ ਮੁੱਦੇ ’ਤੇ ਜੇਲ੍ਹੀਂ ਡੱਕੇ ਬੁੱਧੀਜੀਵੀਆਂ ਦੀ ਰਿਹਾਈ ਯਕੀਨੀ, ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਇਆ ਜਾਵੇ।
ਇਸ ਮੌਕੇ ਮੌਲਾਨਾ ਮੁਹੰਮਦ ਬਿਲਾਲ ਅਕਲੀਆ, ਗੁਰਜੰਟ ਸਿੰਘ, ਕੁਲਵਿੰਦਰ ਸਿੰਘ ਉੱਡਤ, ਤੇਜ ਸਿੰਘ ਚੁਕੇਰੀਆਂ, ਕ੍ਰਿਸ਼ਨ ਚੌਹਾਨ, ਐਡਵੋਕੇਟ ਬਲਵੀਰ ਕੌਰ, ਜਗਦੇਵ ਸਿੰਘ ਅਕਲੀਆ, ਸਵਰਨ ਗੋਰੀਆ, ਮੁਹੰਮਦ ਹਨਸ, ਮੁਹੰਮਦ ਹਮੀਦ ਚੌਹਾਨਕੇ, ਤਰਸੇਮ ਖਾਨ ਖਿਆਲਾ, ਡਾ. ਰਮਜ਼ਾਨ, ਕੇਸ਼ਰ ਸਰਦਾਰ ਮੁਹੰਮਦ ਭੀਖੀ, ਡਾ. ਫਿਰੋਜ਼ ਮੁਹੰਮਦ ਨੇ ਵੀ ਸੰਬੋਧਨ ਕੀਤਾ।
ਮਾਨਸਾ ਵਿਚ ਯੋਗੀ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਮੁਸਲਿਮ ਫਰੰਟ ਦੇ ਆਗੂ।