ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਪੰਜਾਬੀ ਭਾਸ਼ਾ ਨੂੰ ਮਾਈਨਰ ਵਿਸ਼ੇ ਵਿੱਚ ਰੱਖਣ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਇਸ ਫੈਸਲੇ ਨੂੰ ਨੌਜਵਾਨ ਪੀੜ੍ਹੀ ਦੇ ਪੰਜਾਬੀ ਪੜ੍ਹਨ ਦੇ ਅਧਿਕਾਰਾਂ ਦੇ ਉਲਟ ਦੱਸਿਆ ਹੈ।
ਮੁੱਖ ਮੰਤਰੀ ਨੇ ਅੱਜ ਟਵੀਟ ਕਰ ਕੇ ਕਿਹਾ ਕਿ ਸੀਬੀਐੱਸਈ ਦਾ ਫ਼ੈਸਲਾ ਸੰਵਿਧਾਨ ਦੀ ਸੰਘੀ ਭਾਵਨਾ ਦੀ ਉਲੰਘਣਾ ਹੈ, ਜਿਸ ਵਿੱਚ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਤ ਭਾਸ਼ਾ ਪੜ੍ਹਨ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਤੇ ਉਹ ਇਸ ਦੀ ਨਿਖੇਧੀ ਕਰਦੇ ਹਨ। ਇਹ ਪਹਿਲੀ ਵਾਰ ਹੈ ਕਿ ਸੀਬੀਐੱਸਈ ਨੇ ਪ੍ਰੀਖਿਆਵਾਂ ਵੇਲੇ ਵਿਸ਼ਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ। ਇਸ ਵਾਰ ਹਿੰਦੀ ਨੂੰ ਛੱਡ ਕੇ ਬਾਕੀ ਖੇਤਰੀ ਭਾਸ਼ਾਵਾਂ ਨੂੰ ਮਾਈਨਰ ਵਿਸ਼ਿਆਂ ਵਿੱਚ ਰੱਖਿਆ ਗਿਆ ਹੈ। ਇਸ ਸਬੰਧੀ ਬੋਰਡ ਨੇ ਕਿਹਾ ਕਿ ਜੇ ਵਿਸ਼ਿਆਂ ਨੂੰ ਦੋ ਵਰਗਾਂ ਵਿਚ ਨਾ ਵੰਡਿਆ ਜਾਂਦਾ ਤਾਂ ਪ੍ਰੀਖਿਆਵਾਂ ਸਮਾਪਤ ਹੋਣ ਨੂੰ ਲੰਬਾ ਸਮਾਂ ਲੱਗਣਾ ਸੀ। ਇਸ ਦੇ ਜਵਾਬ ਵਿੱਚ ਪੰਜਾਬੀ ਦੇ ਅਧਿਆਪਕਾਂ ਨੇ ਕਿਹਾ ਕਿ ਜੇ ਵਿਦਿਆਰਥੀ ਨੇ ਪੰਜ ਵਿਸ਼ਿਆਂ ਦੀ ਪ੍ਰੀਖਿਆ ਦੇਣੀ ਹੈ ਤਾਂ ਉਹ ਛੇਵੇਂ ਵਿਸ਼ੇ ਦੀ ਪ੍ਰੀਖਿਆ ਵੀ ਦੇ ਸਕਦੇ ਹਨ ਤੇ ਦੋਹਾਂ ਹਾਲਾਤ ਵਿੱਚ ਪੇਪਰ ਸੀਬੀਐੱਸਈ ਨੇ ਹੀ ਭੇਜਣਾ ਹੈ। ਇਸ ਨਾਲ ਸਮਾਂ ਕਿਵੇਂ ਬਚੇਗਾ। ਚੰਡੀਗੜ੍ਹ ਦੇ ਸਕੂਲਾਂ ਦੇ ਪੰਜਾਬੀ ਅਧਿਆਪਕਾਂ ਨੇ ਦੱਸਿਆ ਕਿ ਸੀਬੀਐੱਸਈ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਵਿਦਿਆਰਥੀਆਂ ਨਾਲ ਕਿਸੇ ਵੀ ਆਧਾਰ ’ਤੇ ਫਰਕ ਨਹੀਂ ਕਰਨਾ ਪਰ ਹੁਣ ਉਹ ਬੱਚਿਆਂ ਨੂੰ ਕਿਸ ਤਰ੍ਹਾਂ ਦੱਸ ਰਹੀ ਹੈ ਕਿ ਇਹ ਵਿਸ਼ਾ ਮੇਜਰ ਹੈ ਤੇ ਇਹ ਵਿਸ਼ਾ ਮਾਈਨਰ। ਇਸ ਨਾਲ ਬੱਚਿਆਂ ’ਤੇ ਨਾਂਹ-ਪੱਖੀ ਪ੍ਰਭਾਵ ਪੈਣਗੇ। ਨਵੀਂ ਦਿੱਲੀ ਦੇ ਪੰਜਾਬੀ ਅਧਿਆਪਕ ਨੇ ਕਿਹਾ ਕਿ ਹਿੰਦੀ ਨੂੰ ਵੀ ਖੇਤਰੀ ਭਾਸ਼ਾ ਵਜੋਂ ਮਾਈਨਰ ਵਿਸ਼ੇ ਵਿੱਚ ਰੱਖਣਾ ਚਾਹੀਦਾ ਹੈ।
ਭਾਰਤ ’ਚ ਭਾਸ਼ਾ ਬਾਰੇ ਫ਼ੈਸਲੇ ਸਿਆਸਤਦਾਨ ਕਰਦੇ ਨੇ: ਗੁਰਬਚਨ ਸਿੰਘ ਭੁੱਲਰ
ਪੰਜਾਬੀ ਦੇ ਉੱਘੇ ਪੱਤਰਕਾਰ ਗੁਰਬਚਨ ਸਿੰਘ ਭੁੱਲਰ ਨੇ ਦੱਸਿਆ ਕਿ ਭਾਰਤ ਦੀ ਤ੍ਰਾਸਦੀ ਹੈ ਕਿ ਇੱਥੇ ਭਾਸ਼ਾ ਬਾਰੇ ਫੈਸਲੇ ਭਾਸ਼ਾ ਵਿਗਿਆਨੀ ਨਹੀਂ ਕਰਦੇ ਸਗੋਂ ਸਿਆਸਤਦਾਨ ਕਰਦੇ ਹਨ। ਪੰਜਾਬੀ ਨਾਲ ਤਾਂ ਸ਼ੁਰੂ ਤੋਂ ਹੀ ਅਨਿਆਂ ਹੁੰਦਾ ਆਇਆ ਹੈ। ਪੰਜਾਬ ਦੇ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ ਹੈ ਤੇ ਹੁਣ ਸੀਬੀਐੱਸਈ ਨੇ ਖੇਤਰੀ ਭਾਸ਼ਾਵਾਂ ਨੂੰ ਮਾਈਨਰ ਵਿਸ਼ੇ ਵਿੱਚ ਰੱਖ ਕੇ ਮਾਤ ਭਾਸ਼ਾ ਦਾ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਹੈ।
ਖੇਤਰੀ ਭਾਸ਼ਾਵਾਂ ਦੀ ਹੋਂਦ ਬਰਕਰਾਰ ਰੱਖਣ ਲਈ ਕੌਮੀ ਨੀਤੀ ਬਣੇ: ਪਾਤਰ
ਪੰਜਾਬੀ ਦੇ ਉਘੇ ਕਵੀ ਸੁਰਜੀਤ ਪਾਤਰ ਨੇ ਸੀਬੀਐੱਸਈ ਵੱਲੋਂ ਪੰਜਾਬੀ ਵਿਸ਼ੇ ਨੂੰ ਮਾਈਨਰ ਵਿਸ਼ੇ ਵਿੱਚ ਰੱਖਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੀਬੀਐੱਸਈ ਦੇ ਇਸ ਫ਼ੈਸਲੇ ਨਾਲ ਪੰਜਾਬੀ ਪੜ੍ਹਨ ਵਾਲੇ ਬੱਚੇ ਹੀਣ ਭਾਵਨਾ ਦੇ ਸ਼ਿਕਾਰ ਹੋਣਗੇ। ਉਨ੍ਹਾਂ ਕਿਹਾ ਕਿ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਮਾਈਨਰ ਵਿਸ਼ੇ ਵਿੱਚ ਰੱਖਣਾ ਗਲਤ ਹੈ ਅਤੇ ਦੇਸ਼ ਭਰ ਦੀਆਂ ਖੇਤਰੀ ਭਾਸ਼ਾਵਾਂ ਦੀ ਹੋਂਦ ਬਚਾਉਣ ਲਈ ਕੌਮੀ ਨੀਤੀ ਬਣਨੀ ਚਾਹੀਦੀ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਨਿਖੇਧੀ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸੀਬੀਐੱਸਈ ਵੱਲੋਂ ਪੰਜਾਬੀ ਅਤੇ ਹੋਰ ਮਾਤ ਭਾਸ਼ਾਵਾਂ ਨੂੰ ਮਾਈਨਰ ਵਿਸ਼ੇ ਵਿੱਚ ਰੱਖਣ ਦੇ ਲਏ ਗਏ ਫ਼ੈਸਲੇ ਦੀ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਨਿਖੇਧੀ ਕੀਤੀ ਹੈ। ਇਸ ਬਾਰੇ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸੀਬੀਐੱਸਈ ਸਿੱਖਿਆ ਅਤੇ ਭਾਸ਼ਾ ਬਾਰੇ ਦੁਨੀਆਂ ਦਾ ਸਭ ਤੋਂ ਅਨਪੜ੍ਹ ਬੋਰਡ ਹੈ। ਇਸ ਦੀਆਂ ਸਾਰੀਆਂ ਨੀਤੀਆਂ ਦੁਨੀਆਂ ਭਰ ਦੇ ਮਾਹਿਰਾਂ ਦੀ ਰਾਇ, ਖੋਜ ਅਤੇ ਸਫ਼ਲ ਵਿਹਾਰ ਦੇ ਪੂਰੀ ਤਰ੍ਹਾਂ ਉਲਟ ਹਨ। ਇਸ ਦਾ ਇੱਕੋ-ਇੱਕ ਟੀਚਾ ਅੰਗਰੇਜ਼ੀ ਭਾਸ਼ਾ ਨੂੰ ਥੰਮ੍ਹਣਾ ਬਣਾ ਕੇ ਨਿੱਜੀ ਸਿੱਖਿਆ ਮਾਫੀਆ ਦੀਆਂ ਤਿਜਰੀਆਂ ਭਰਨਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਪੱਖੋਂ ਸਫ਼ਲ ਹਰ ਦੇਸ਼ ਵਿੱਚ ਮਾਤ ਭਾਸ਼ਾ ਨੂੰ ਮਾਧਿਅਮ ਅਤੇ ਮੁੱਖ ਵਿਸ਼ੇ ਵਜੋਂ ਪੜ੍ਹਾਇਆ ਜਾਂਦਾ ਹੈ ਤੇ ਹਰ ਅਜਿਹੇ ਦੇਸ਼ ਵਿੱਚ ਅੰਗਰੇਜ਼ੀ ਜਾਂ ਕੋਈ ਵੀ ਹੋਰ ਵਿਦੇਸ਼ੀ ਭਾਸ਼ਾ ਗੌਣ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਹੈ। ਸਾਡੇ ਗੁਆਂਢੀ ਤੇ ਦੁਨੀਆਂ ਵਿੱਚ ਅਰਥਚਾਰੇ ਵਿੱਚ ਪਹਿਲੀਆਂ ਦੋ ਤਾਕਤਾਂ ’ਚੋਂ ਇੱਕ ਦੇਸ਼ ਚੀਨ ਵਿੱਚ ਵਿਦੇਸ਼ੀ ਭਾਸ਼ਾ ਦੀ ਪੜ੍ਹਾਈ ਚੌਥੀ ਜਮਾਤ ਤੋਂ ਅਤੇ ਹਫ਼ਤੇ ਵਿੱਚ ਸਿਰਫ ਤਿੰਨ ਦਿਨ ਚਾਲੀ-ਚਾਲੀ ਮਿੰਟ ਲਈ ਕਰਾਈ ਜਾਂਦੀ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਭਾਸ਼ਾ ਅਤੇ ਸਿੱਖਿਆ ਬਾਰੇ ਦੁਨੀਆਂ ਭਰ ਦੀ ਮਾਹਿਰ ਸਮਝ ਤੇ ਸਫਲ ਵਿਹਾਰ ਬਾਰੇ ਜਾਣਕਾਰੀ ਨੂੰ ਘਰ-ਘਰ ਪੁੱਜਦਾ ਕਰਨ।