ਕੋਲਕਾਤਾ, 3 ਨਵੰਬਰ
ਕੋਲਕਾਤਾ ਵਿੱਚ ਚੀਨੀ ਕੌਂਸਲ ਜਨਰਲ ਜ਼ਾ ਲਿਊ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਸਿੱਧੀਆਂ ਉਡਾਣਾਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ ਅਤੇ ਇਸ ਲਈ ਦੋਵਾਂ ਦੇਸ਼ਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਚੀਨ ਦੇ ਵੁੂਹਾਨ ਵਿੱਚ 2019 ’ਚ ਕਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਮਗਰੋਂ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਉਡਾਣਾਂ ਰੋਕ ਦਿੱਤੀਆਂ ਗਈਆਂ ਸਨ। ਉਡਾਣਾਂ ਬੰਦ ਹੋਣ ਕਾਰਨ ਸੈਂਕੜੇ ਭਾਰਤੀ ਵਿਦਿਆਰਥੀਆਂ, ਚੀਨ ’ਚ ਕੰਮ ਕਰ ਰਹੇ ਭਾਰਤੀਆਂ ਦੇ ਪਰਿਵਾਰਾਂ ਅਤੇ ਕਾਰੋਬਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਪੇਈਚਿੰਗ ਨੇ ਹਾਲ ਹੀ ਵਿੱਚ ਲਗਪਗ ਤਿੰਨ ਸਾਲਾਂ ਬਾਅਦ ਵੀਜ਼ਾ ਪਾਬੰਦੀ ਹਟਾ ਦਿੱਤੀ ਹੈ। ਲਿਊ ਨੇ ਕਿਹਾ, ‘‘ਭਾਰਤ ਅਤੇ ਚੀਨ ਵਿਚਾਲੇ ਸਿੱਧੀ ਉਡਾਣ ਸੇਵਾ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਇਸ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਕਈ ਭਾਰਤੀ ਵਿਦਿਆਰਥੀ ਹੁਣ ਚੀਨ ਵਾਪਸ ਜਾਣਾ ਚਾਹੁੰਦੇ ਹਨ।”
ਕੋਵਿਡ ਵੀਜ਼ਾ ਪਾਬੰਦੀਆਂ ਕਾਰਨ ਲਗਪਗ 23,000 ਭਾਰਤੀ ਵਿਦਿਆਰਥੀ ਚੀਨ ਨਹੀਂ ਜਾ ਸਕੇ। ਹੁਣ ਚੀਨ ਵਿੱਚ ਪੜ੍ਹਾਈ ਪੂਰੀ ਕਰਨ ਲਈ ਉਨ੍ਹਾਂ ਉੱਥੇ ਜਾਣ ਦੀ ਤਿਆਰੀ ਕਰ ਲਈ ਹੈ ਪਰ ਕੋਈ ਸਿੱਧੀ ਉਡਾਣ ਨਾ ਹੋਣ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਯਾਤਰੀ ਫਿਲਹਾਲ ਸ੍ਰੀਲੰਕਾ, ਨੇਪਾਲ ਅਤੇ ਮਿਆਂਮਾਰ ਦੇ ਰਸਤੇ ਚੀਨ ਜਾ ਰਹੇ ਹਨ ਅਤੇ ਕਿਰਾਏ ’ਚ ਅਚਾਨਕ ਵਾਧੇ ਕਾਰਨ ਉਨ੍ਹਾਂ ਨੂੰ ਕਾਫੀ ਪੈਸਾ ਖਰਚ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਸੀਮਤ ਉਡਾਣ ਸੇਵਾਵਾਂ ਬਹਾਲ ਕਰਨ ਲਈ ਕਈ ਮਹੀਨਿਆਂ ਤੋਂ ਗੱਲਬਾਤ ਕਰ ਰਹੇ ਹਨ ਪਰ ਕੋਈ ਖਾਸ ਫਾਇਦਾ ਨਹੀਂ ਹੋ ਰਿਹਾ। -ਪੀਟੀਆਈ