ਜਗਮੋਹਨ ਸਿੰਘ
ਰੂਪਨਗਰ/ਘਨੌਲੀ, 3 ਨਵੰਬਰ
ਝੋਨੇ ਦੇ ਸੀਜ਼ਨ ਤੋਂ ਬਾਅਦ ਪਾਵਰਕੌਮ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਸਾਰੇ ਯੂਨਿਟਾਂ ਦਾ ਬਿਜਲੀ ਉਤਪਾਦਨ ਠੱਪ ਕਰ ਦਿੱਤਾ ਗਿਆ ਹੈ। ਥਰਮਲ ਪਲਾਂਟ ਰੂਪਨਗਰ ਦੇ ਯੂਨਿਟ ਬੰਦ ਹੋਣ ਨਾਲ ਅੰਬੂਜਾ ਸੀਮਿੰਟ ਫੈਕਟਰੀ ਨੂੰ ਥਰਮਲ ਪਲਾਂਟ ਤੋਂ ਪਾਈਪਾਂ ਰਾਹੀਂ ਸਿੱਧੀ ਸੁਆਹ ਮਿਲਣੀ ਬੰਦ ਹੋ ਗਈ ਹੈ, ਜਿਸ ਕਰ ਕੇ ਅੰਬੂਜਾ ਫੈਕਟਰੀ ਦੇ ਪ੍ਰਬੰਧਕਾਂ ਨੂੰ ਵੀ ਕੱਚੇ ਮਾਲ ਦੇ ਤੌਰ ’ਤੇ ਲੋੜੀਂਦੀ ਸੁਆਹ ਪ੍ਰਾਪਤ ਕਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਥਰਮਲ ਪਲਾਂਟ ਦੀਆਂ ਸੁਆਹ ਵਾਲੀਆਂ ਝੀਲਾਂ ਵਿੱਚੋਂ ਸੁਆਹ ਚੁੱਕਣ ’ਤੇ ਕੁਝ ਸਮੇਂ ਲਈ ਪਾਬੰਦੀ ਲਗਾਈ ਹੋਈ ਹੈ। ਇਨ੍ਹਾਂ ਹਦਾਇਤਾਂ ਅਨੁਸਾਰ ਥਰਮਲ ਪਲਾਂਟ ਦੀਆਂ ਝੀਲਾਂ ਦੇ ਮੁੱਖ ਦੁਆਰ ’ਤੇ ਗੱਡੀਆਂ ਧੋਣ ਲਈ ਲਗਾਇਆ ਜਾਣ ਵਾਲਾ ਵਾਸ਼ਿੰਗ ਸਟੇਸ਼ਨ ਅਜੇ ਪੂਰੀ ਤਰ੍ਹਾਂ ਤਿਆਰ ਨਾ ਹੋਣ ਕਾਰਨ ਸੀਮਿੰਟ ਫੈਕਟਰੀ ਵੱਲੋਂ ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਵੀ ਸੁਆਹ ਪ੍ਰਾਪਤ ਕਰਨੀ ਹਾਲ ਦੀ ਘੜੀ ਔਖੀ ਹੋ ਗਈ ਹੈ। ਸੂਤਰਾਂ ਅਨੁਸਾਰ ਫੈਕਟਰੀ ਪ੍ਰਬੰਧਕਾਂ ਨੇ ਫੈਕਟਰੀ ਦੇ ਬਾਹਰ ਪੱਕਾ ਧਰਨਾ ਲਗਾਈ ਬੈਠੇ ਇਲਾਕੇ ਦੇ ਲੋਕਾਂ ਦੇ ਡਰ ਕਾਰਨ ਫੈਕਟਰੀ ਦਾ ਕੰਮ ਚਲਾਉਣ ਲਈ ਬਾਹਰੋਂ ਰੇਲ ਗੱਡੀ ਰਾਹੀਂ ਸੁਆਹ ਮੰਗਵਾਉਣੀ ਸ਼ੁਰੂ ਕਰ ਦਿੱਤੀ ਹੈ। ਥਰਮਲ ਪਲਾਂਟ ਰੂਪਨਗਰ ਦਾ 6 ਨੰਬਰ ਯੂਨਿਟ ਕੁਝ ਦਿਨ ਪਹਿਲਾਂ ਚਲਾਇਆ ਗਿਆ ਸੀ, ਜਿਹੜਾ ਕਿ ਬੀਤੇ ਦਿਨ ਬੁਆਇਲਰ ਲੀਕੇਜ ਕਾਰਨ ਬੰਦ ਹੋ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਥਰਮਲ ਪਲਾਂਟ ਦੇ ਪ੍ਰਬੰਧਕ 6 ਨੰਬਰ ਯੂਨਿਟ ਦੀ ਥਾਂ 5 ਨੰਬਰ ਯੂਨਿਟ ਨੂੰ ਚਲਾਉਣ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਸਨ।